death threats

ਈ. ਡੀ. ਅਧਿਕਾਰੀ ਬਣ ਕੇ ਕਿਸਾਨ ਤੋਂ 2.75 ਕਰੋੜ ਰੁਪਏ ਠੱਗੇ

ਈ. ਡੀ. ਦੇ ਫ਼ਰਜ਼ੀ ਅਧਿਕਾਰੀ ਬਣ ਕੇ ਆਈਆਂ ਸੀ ਕਾਲਾਂ

ਵੱਡਾ ਸਕੈਂਡਲ ਨਾਲ ਤਾਰਾਂ ਜੁੜਨ ਦਾ ਡਰਾਵਾ ਦੇ ਕੇ ਵੱਖ-ਵੱਖ ਖਾਤਿਆਂ ਵਿਚ ਪੈਸੇ ਕਰਵਾਏ ਟਰਾਂਸਫਰ

ਮਾਛੀਵਾੜਾ ਸਾਹਿਬ, 14 ਅਗਸਤ : ਮਾਛੀਵਾੜਾ ਇਲਾਕੇ ਦੇ ਕਿਸਾਨ ਮਹਿੰਦਰ ਸਿੰਘ ਨਾਲ 2 ਕਰੋੜ 65 ਲੱਖ 75 ਹਜ਼ਾਰ ਰੁਪਏ ਦੀ ਵੱਡੀ ਸਾਈਬਰ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਈ.ਡੀ. ਦੇ ਫ਼ਰਜ਼ੀ ਅਧਿਕਾਰੀ ਬਣ ਕੇ ਕਾਲਾਂ ਆਈਆਂ ਜਿਸ ਤਹਿਤ ਵੱਡਾ ਸਕੈਂਡਲ ਨਾਲ ਤਾਰਾਂ ਜੁੜਨ ਦਾ ਡਰਾਵਾ ਦੇ ਕੇ ਉਸ ਕੋਲੋਂ ਵੱਖ-ਵੱਖ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਵਾ ਲਏ ਗਏ।

ਸਾਈਬਰ ਠੱਗੀ ਦਾ ਸ਼ਿਕਾਰ ਹੋਏ ਮਹਿੰਦਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ, ਜਿਸ ਨੂੰ 9 ਜੂਨ 2025 ਨੂੰ ਦੇਰ ਰਾਤ ਇਕ ਫੋਨ ਆਇਆ ਕਿ ਉਹ ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਦਾ ਮੁਲਾਜ਼ਮ ਬੋਲ ਰਿਹਾ ਹੈ। ਉਸਨੇ ਕਿਹਾ ਕਿ ਇਕ ਨਾਮੀ ਏਅਰਲਾਈਨ ਕੰਪਨੀ ਦੇ ਮਾਲਕ ਘਰ ਜਦੋਂ ਸੀ.ਬੀ.ਆਈ. ਤੇ ਈ.ਡੀ. ਨੇ ਰੇਡ ਮਾਰੀ ਸੀ ਤਾਂ ਉਸ ਦੌਰਾਨ ਉੱਥੋਂ 247 ਏਟੀਐੱਮ ਕਾਰਡ ਤੇ 58 ਕਰੋੜ ਰੁਪਏ ਨਕਦ ਬਰਾਮਦ ਹੋਏ ਸਨ ਅਤੇ ਇਸ ਕੰਪਨੀ ਦੇ ਮਾਲਕ ਨੇ ਕਿਸਾਨ ਮਹਿੰਦਰ ਸਿੰਘ ਦੇ ਜਾਅਲੀ ਬੈਂਕ ਖਾਤੇ ਦਾ ਏ.ਟੀ.ਐੱਮ. ਕਾਰਡ ਵਰਤ ਕੇ ਕਿਸੇ ਨੂੰ ਵੇਚ ਦਿੱਤਾ ਹੈ ਜਿਸ ਕਾਰਨ ਹੁਣ ਤੁਹਾਡੀਆਂ ਸਾਰੀਆਂ ਬੈਂਕ ਡਿਟੇਲਾਂ ਦੀ ਜਾਂਚ ਕੀਤੀ ਜਾਣੀ ਹੈ।

ਬਿਆਨਕਰਤਾ ਅਨੁਸਾਰ ਇਸ ਵਿਅਕਤੀ ਨਾਲ ਕਈ ਵਾਰ ਗੱਲ ਹੋਈ ਅਤੇ ਫਿਰ ਉਸ ਨੂੰ ਵਿਜੈ ਖੰਨਾ ਨਾਮਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਕਿਹਾ ਕਿ ਉਹ ਈ.ਡੀ. ਤੋਂ ਬੋਲ ਰਿਹਾ ਹੈ ਜਿਸ ਨੂੰ ਉਸਦੇ ਸਾਰੇ ਬੈਂਕ ਖਾਤਿਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਈ.ਡੀ. ਦੇ ਫ਼ਰਜ਼ੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਜੇਕਰ ਉਸਨੇ ਅੱਗੇ ਕਿਸੇ ਨਾਲ ਗੱਲ ਕੀਤੀ ਤਾਂ ਉਸ ਨੂੰ 2 ਤੋਂ 3 ਸਾਲ ਦੀ ਸਜ਼ਾ ਹੋ ਜਾਵੇਗੀ ਅਤੇ ਨਾਲ ਹੀ ਇਹ ਕਿਹਾ ਕਿ ਤੁਹਾਡੇ ਅਕਾਊਂਟ ਵਿਚ 1.25 ਲੱਖ ਰੁਪਏ ਛੱਡ ਕੇ ਬਾਕੀ ਸਾਰੇ ਪੈਸਿਆਂ ਦੀ ਜਾਂਚ ਕਰਨੀ ਪਵੇਗੀ।

ਫਿਰ ਦੂਸਰੇ ਦਿਨ ਇਕ ਮਾਣਯੋਗ ਸੁਪਰੀਮ ਕੋਰਟ ਦਾ ਦਸਤਾਵੇਜ਼ ਵੱਟਸਐਪ ਰਾਹੀਂ ਭੇਜਿਆ ਗਿਆ ਜਿਸ ਵਿਚ ਉਸਨੂੰ ਹਦਾਇਤ ਕੀਤੀ ਗਈ ਕਿ ਉਹ 51 ਲੱਖ ਰੁਪਏ ਡੀ.ਪੀ.ਐੱਸ. ਦੇ ਬੈਂਕ ਦੇ ਖਾਤਾ ਨੰਬਰ ਵਿਚ ਟਰਾਂਸਫਰ ਕਰੇ। ਕਿਸਾਨ ਮਹਿੰਦਰ ਸਿੰਘ ਵਲੋਂ 51 ਲੱਖ ਰੁਪਏ ਈ.ਡੀ. ਦੇ ਫ਼ਰਜ਼ੀ ਅਧਿਕਾਰੀ ਵਲੋਂ ਦੱਸੇ ਖਾਤਾ ਨੰਬਰ ਵਿਚ ਟਰਾਂਸਫਰ ਕਰ ਦਿੱਤੇ ਗਏ। ਇੱਥੇ ਹੀ ਬੱਸ ਨਹੀਂ ਕਿਸਾਨ ਵਲੋਂ ਇਸ ਈ.ਡੀ. ਦੇ ਫ਼ਰਜ਼ੀ ਅਧਿਕਾਰੀ ਵਲੋਂ ਕਹਿਣ ’ਤੇ ਹੋਰ ਕਈ ਵੱਖ-ਵੱਖ ਖਾਤਿਆਂ ਵਿਚ ਕੁੱਲ 2 ਕਰੋੜ 65 ਲੱਖ 75 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤਾ ਗਿਆ।

ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਇਹ ਫ਼ਰਜ਼ੀ ਅਧਿਕਾਰੀ ਜੋ ਕਿ ਕਿਸਾਨ ਵਲੋਂ ਪੈਸੇ ਟਰਾਂਸਫਰ ਕੀਤੇ ਜਾਂਦੇ ਸਨ ਉਸਦੀ ਰਿਸੀਦ ਵੀ ਭੇਜਦਾ ਸੀ ਕਿ ਸਾਡੇ ਵਿਭਾਗ ਨੂੰ ਤੁਹਾਡੇ ਵਲੋਂ ਦਿੱਤੇ ਪੈਸੇ ਮਿਲ ਗਏ ਹਨ। ਕਿਸਾਨ ਮਹਿੰਦਰ ਸਿੰਘ ਨੇ ਬਿਆਨ ਵਿਚ ਦੱਸਿਆ ਕਿ ਇਸ ਸਾਈਬਰ ਠੱਗੀ ਦੌਰਾਨ ਉਸ ਨੂੰ ਈ.ਡੀ. ਦੇ 3 ਵੱਖ-ਵੱਖ ਇੰਚਾਰਜਾਂ ਨੇ ਬਦਲ ਬਦਲ ਕੇ ਫੋਨ ਕੀਤੇ।

ਕਿਸਾਨ ਮਹਿੰਦਰ ਸਿੰਘ ਨੂੰ ਜਦੋਂ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ਲੱਗਾ ਤਾਂ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਸ ਜ਼ਿਲ੍ਹਾ ਖੰਨਾ ਦੇ ਸਾਈਬਰ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਜ਼ਿਲ੍ਹਾ ਖੰਨਾ ਦੇ ਸਾਈਬਰ ਵਿਭਾਗ ਵਲੋਂ ਕਿਸਾਨ ਮਹਿੰਦਰ ਸਿੰਘ ਨਾਲ 2.65 ਕਰੋੜ ਰੁਪਏ ਦੀ ਇਸ ਵੱਡੀ ਠੱਗੀ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜਦੋਂ ਐੱਸ.ਪੀ. ਪਵਨਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਮਹਿੰਦਰ ਸਿੰਘ ਨਾਲ ਜੋ ਠੱਗੀ ਵੱਜੀ ਹੈ ਉਸ ਸਬੰਧੀ ਮਾਮਲਾ ਦਰਜ ਕਰਕੇ ਉਨ੍ਹਾਂ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਇਹ ਪੈਸੇ ਟਰਾਂਸਫਰ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਈਬਰ ਵਿਭਾਗ ਦੀਆਂ ਟੀਮਾਂ ਇਸ ਠੱਗੀ ਸਬੰਧੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਅਤੇ ਜਲਦ ਹੀ ਮੁਲਜ਼ਮ ਫੜ ਲਏ ਜਾਣਗੇ।

ਐੱਸ.ਪੀ. ਪਵਨਜੀਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਨ੍ਹਾਂ ਸ਼ਾਤਿਰ ਠੱਗਾਂ ਤੋਂ ਸੁਚੇਤ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਅਜਿਹੀਆਂ ਕਾਲਾਂ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਅਣਗੌਲਿਆਂ ਕਰਨ ਜਾਂ ਫਿਰ ਤੁਰੰਤ ਸਾਈਬਰ ਵਿਭਾਗ ਦੇ 1930 ਨੰਬਰ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ।

ਵੱਡੀਆਂ ਸਾਈਬਰ ਠੱਗੀਆਂ ਵਿਚ ਇਹ ਦੇਖਣ ’ਚ ਆਇਆ ਹੈ ਕਿ ਇਹ ਸ਼ਾਤਰ ਠੱਗ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹਨ ਜਿਨ੍ਹਾਂ ਦੇ ਬੈਂਕ ਖਾਤਿਆਂ ਵਿਚ ਕਰੋੜਾਂ ਰੁਪਏ ਦੀ ਰਾਸ਼ੀ ਜਮ੍ਹਾਂ ਪਈ ਹੈ। ਇਸ ਤੋਂ ਪਹਿਲਾਂ ਵੀ ਮਾਛੀਵਾੜਾ ਇਲਾਕੇ ਦੇ ਇਕ ਕਿਸਾਨ ਨਾਲ ਕਰੋੜਾਂ ਰੁਪਏ ਠੱਗੀ ਵੱਜੀ ਜਿਸ ਦੇ ਖਾਤੇ ਵਿਚ ਵੀ ਕਾਫ਼ੀ ਪੈਸੇ ਸਨ। ਇਸ ਮਾਮਲੇ ਵਿਚ ਖੰਨਾ ਪੁਲਸ ਨੇ ਜੋ ਠੱਗ ਫੜੇ ਉਹ ਇਕ ਬੈਂਕ ਮੁਲਾਜ਼ਮ ਨਿਕਲਿਆ।

ਹੁਣ ਦੂਜੀ ਠੱਗੀ ਫਿਰ ਮਾਛੀਵਾੜਾ ਇਲਾਕੇ ਦੇ ਕਿਸਾਨ ਨਾਲ ਕਰੋੜਾਂ ਰੁਪਏ ਦੀ ਵੱਜੀ ਜਿਸ ਦੇ ਖਾਤੇ ਵਿਚ ਵੀ ਕਾਫ਼ੀ ਰਾਸ਼ੀ ਪਈ ਜਿਸ ਕਾਰਨ ਇਹ ਵੱਡਾ ਸਵਾਲ ਹੋ ਗਿਆ ਕਿ ਠੱਗਾਂ ਕੋਲ ਬੈਂਕ ਖਾਤਿਆਂ ਦੀ ਡਿਟੇਲ ਕਿਵੇਂ ਪਹੁੰਚਦੀ ਹੈ ਜਿਸ ਨੂੰ ਰੋਕਣ ਲਈ ਬੈਂਕਾਂ ਨੂੰ ਵੀ ਸਖ਼ਤ ਕਦਮ ਉਠਾਉਣੇ ਪੈਣਗੇ।

Read More : ਨਸ਼ੇ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 5 ਗ੍ਰਿਫ਼ਤਾਰ

Leave a Reply

Your email address will not be published. Required fields are marked *