ਸਿਮਲਾ, 13 ਅਗਸਤ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਰਾਤ ਤੋਂ ਭਾਰੀ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਨੇ ਅੱਜ ਬਿਲਾਸਪੁਰ, ਚੰਬਾ, ਹਮੀਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ, ਊਨਾ ਵਿਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਇੱਕ ਜਾਂ ਦੋ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ।
ਕਿਨੌਰ, ਲਾਹੌਲ ਅਤੇ ਸਪਿਤੀ ਵਿਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਇਕ ਜਾਂ ਦੋ ਥਾਵਾਂ ‘ਤੇ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਅੱਜ ਸੂਬੇ ਦੇ ਪੰਜ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਲਈ ਔਰੇਂਜ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਚਿਤਾਵਨੀ ਬਿਲਾਸਪੁਰ, ਕਾਂਗੜਾ, ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਨੂੰ ਦਿੱਤੀ ਗਈ ਹੈ।
ਇਨ੍ਹਾਂ ਜ਼ਿਲ੍ਹਿਆਂ ਵਿਚ ਜ਼ਮੀਨ ਖਿਸਕਣ, ਹੜ੍ਹ ਅਤੇ ਪਾਣੀ ਭਰਨ ਵਰਗੀਆਂ ਸਥਿਤੀਆਂ ਆ ਸਕਦੀਆਂ ਹਨ। ਇਨ੍ਹਾਂ 5 ਜ਼ਿਲ੍ਹਿਆਂ ਵਿਚ ਕੱਲ੍ਹ ਵੀ ਔਰੇਂਜ ਚਿਤਾਵਨੀ ਹੈ। ਊਨਾ, ਹਮੀਰਪੁਰ, ਚੰਬਾ, ਕੁੱਲੂ ਅਤੇ ਸੋਲਨ ਜ਼ਿਲ੍ਹਿਆਂ ਵਿਚ ਅੱਜ ਅਤੇ ਕੱਲ੍ਹ ਯੈਲੋ ਚਿਤਾਵਨੀ ਦਿੱਤੀ ਗਈ ਹੈ।
ਹਿਮਾਚਲ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ 229 ਹੋ ਗਈ ਹੈ। ਜਨਤਕ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿੱਚ ਸੂਬੇ ਦੇ 11 ਜ਼ਿਲ੍ਹਿਆਂ ਦੇ ਆਲੇ-ਦੁਆਲੇ ਦਰਮਿਆਨੇ ਤੋਂ ਉੱਚ ਪੱਧਰੀ ਹੜ੍ਹਾਂ ਦਾ ਖ਼ਤਰਾ ਹੈ। ਇਸ ਕਾਰਨ ਕੇਦਾਰਨਾਥ, ਬਦਰੀਨਾਥ ਅਤੇ ਹੇਮਕੁੰਡ ਸਾਹਿਬ ਦੀ ਯਾਤਰਾ 14 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਦੇ ਰਾਜੌਰੀ, ਰਿਆਸੀ ਅਤੇ ਪੁੰਛ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਸਾਰੇ ਸਕੂਲ ਬੰਦ ਕਰ ਦਿੱਤੇ ਗਏ।
Read More : ਬਾਘਾਪੁਰਾਣਾ ਦਾ ਬੀਪੀਈਓ ਮੁਅੱਤਲ