ਜੰਮੂ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਥ ’ਚੋਂ ਛੇਕੇ ਗਏ ਰਾਗੀ ਦਰਸ਼ਨ ਸਿੰਘ ਨੂੰ ਸਮਾਗਮ ’ਚ ਬੁਲਾਉਣ ਦਾ ਮਾਮਲਾ
ਪੰਜ ਸਿੰਘ ਸਾਹਿਬਾਨ ਨੇ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਦੋ ਮੈਂਬਰਾਂ ਨੂੰ 11 ਦਿਨਾਂ ਤੱਕ ਨਿਤਨੇਮ ਕਰਨ, ਭਾਂਡੇ ਧੋਣ ਅਤੇ ਜੋੜੇ ਸਾਫ਼ ਕਰਨ ਦਾ ਲਾਈ ਸਜ਼ਾ
ਅੰਮ੍ਰਿਤਸਰ, 6 ਅਗਸਤ :-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਤੇ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪ੍ਰਧਾਨ ਰਣਜੀਤ ਸਿੰਘ ਟੋਹੜਾ, ਕੈਸ਼ੀਅਰ ਜਗਪਾਲ ਸਿੰਘ ਅਤੇ ਸੋਮਨਾਥ ਸਿੰਘ ਨੂੰ ਤਨਖਾਹੀਆ ਕਰਾਰ ਦਿੰਦੇ ਹੋਏ ਧਾਰਮਿਕ ਸਜ਼ਾ ਲਾਈ ਗਈ।
ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ, ਜੰਮੂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਥ ’ਚੋਂ ਛੇਕੇ ਰਾਗੀ ਦਰਸ਼ਨ ਸਿੰਘ ਨੂੰ ਸਮਾਗਮ ’ਚ ਬੁਲਾਉਣ ਸਬੰਧੀ ਇਨ੍ਹਾਂ ਤਿੰਨਾਂ ਦਾ ਮਾਮਲਾ ਵਿਚਾਰਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਕੀਤੀ ਉਲੰਘਣਾ ਦੇ ਦੋਸ਼ ਵਜੋਂ ਰਣਜੀਤ ਸਿੰਘ ਟੋਹੜਾ ਤੇ ਜਗਪਾਲ ਸਿੰਘ ਕੈਸ਼ੀਅਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਅਤੇ ਸੋਮਨਾਥ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਖਿਮ੍ਹਾ ਜਾਚਨਾ ਕੀਤੀ।
ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ ਇਨ੍ਹਾਂ ਨੂੰ ਧਾਰਮਿਕ ਸੇਵਾ ਲਾਉਂਦੇ ਹੋਏ ਆਦੇਸ਼ ਦਿੱਤਾ ਕਿ 11 ਦਿਨਾਂ ਤੱਕ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਜੋੜਿਆਂ ਦੀ ਸੇਵਾ, ਭਾਂਡੇ ਧੋਣ ਅਤੇ ਇਕ ਘੰਟਾ ਹੋਰ ਸੇਵਾ ਕਰਨ ਦੀ ਸੇਵਾ ਲਾਈ ਹੈ ਅਤੇ ਨਾਲ ਹੀ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਪਾਠ ਜਪੁਜੀ ਸਾਹਿਬ ਅਤੇ ਪੰਜ ਪਾਠ ਜਾਪੁ ਸਾਹਿਬ ਜੀ ਦੇ ਕਰਨਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਸੇਵਾ ਪੂਰੀ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ 1100 ਰੁਪਏ ਦੀ ਕੜਾਹਿ ਪ੍ਰਸ਼ਾਦਿ ਦੀ ਦੇਗ ਕਰਵਾ ਕੇ 1100 ਰੁਪਏ ਗੁਰੂ ਦੀ ਗੋਲਕ ਵਿਚ ਪਾ ਕੇ ਅਰਦਾਸ ਕਰਵਾਉਣਗੇ।
Read More : ਜ਼ਾਅਲੀ ਐੱਸ. ਸੀ. ਸਰਟੀਫਿਕੇਟ ਬਣਾ ਕੇ ਚੋਣ ਜਿੱਤਣ ਵਾਲਾ ਕੌਂਸਲਰ ਗ੍ਰਿਫਤਾਰ