ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ
ਬਟਾਲਾ, 5 ਅਗਸਤ : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਅਧੀਨ ਆਉਂਦੇ ਪਿੰਡ ਘਣੀਏ ਕੇ ਬਾਂਗਰ ’ਚ ਰੰਜਿਸ਼ ਤਹਿਤ 3 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਮ੍ਰਿਤਕ ਬਲਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਘਣੀਏ ਕੇ ਬਾਂਗਰ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਸਦਾ ਪਤੀ, ਸੱਸ ਅਤੇ ਉਹ ਕਾਰ ’ਚ ਸਵਾਰ ਹੋ ਕੇ ਪਿੰਡ ਘਣੀਏ ਕੇ ਬਾਂਗਰ ਤੋਂ ਪਿੰਡ ਕੋਟਲੀ ਥਾਪਲਾ ਜਾ ਰਹੇ ਸਨ ਕਿ ਰਸਤੇ ’ਚ ਸਾਹਮਣੇ ਤੋਂ ਪਿੰਡ ਦਾ ਹੀ ਵਿਅਕਤੀ ਬਲਦੇਵ ਸਿੰਘ ਅਤੇ ਉਸਦੇ ਲੜਕੇ ਆ ਰਹੇ ਸਨ, ਜਿਨ੍ਹਾਂ ਨੇ ਰੰਜਿਸ਼ ਦੇ ਚਲਦਿਆਂ ਉਸਦੇ ਪਤੀ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਨਾਲ ਕੁੱਟਮਾਰ ਕਰਦੇ ਹੋਏ ਤੇਜ਼ਧਾਰ ਹਥਿਆਰਾਂ ਦੇ ਨਾਲ ਉਨ੍ਹਾਂ ’ਤੇ ਵਾਰ ਕੀਤੇ ਜਿਸਦੇ ਚਲਦਿਆਂ ਉਹ ਗੰਭੀਰ ਜ਼ਖਮੀ ਹੋ ਗਏ।
ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਜ਼ਖਮੀ ਬਲਜਿੰਦਰ ਸਿੰਘ ਨੂੰ ਬਟਾਲਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਤੀ ਦਾ ਕਤਲ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਘਣੀਏ ਕੇ ਬਾਂਗਰ ’ਚ ਹੋਏ ਝਗੜੇ ਦੌਰਾਨ 3 ਵਿਅਕਤੀਆਂ ਵੱਲੋਂ ਇਕ ਨੌਜਵਾਨ ਦਾ ਕਤਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ ਲਿਆ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਉਸਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ’ਚ ਭੇਜ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਨੇ ਮ੍ਰਿਤਕ ਬਲਜਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਬਲਦੇਵ ਸਿੰਘ ਅਤੇ ਉਸਦੇ ਲੜਕਿਆਂ ਗੁਰਜਿੰਦਰ ਸਿੰਘ ਅਤੇ ਰਾਜਬੀਰ ਸਿੰਘ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
Read More : ਵਿਅਕਤੀ ਨਾਲ ਮਾਰਕੁੱਟ ਤੇ ਪਿਸ਼ਾਬ ਪਿਆਉਣ ਦੀ ਕੋਸ਼ਿਸ਼ ਦਾ ਮਾਮਲਾ ਹਾਈ ਕੋਰਟ ਪੁੱਜਾ