5 ਅਗਸਤ ਨੂੰ ਪੁਲਸ ਕਰੇਗੀ ਰਿਪੋਰਟ ਪੇਸ਼
ਮਲੋਟ, 4 ਅਗਸਤ : ਪੈਸੇ ਦੇ ਲੈਣ ਦੇਣ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਕੁਝ ਵਿਅਕਤੀਆਂ ਵੱਲੋਂ ਇਕ ਐੱਸ. ਸੀ. ਭਾਈਚਾਰੇ ਦੇ ਵਿਅਕਤੀ ਨਾਲ ਨਾ ਸਿਰਫ ਮਾਰਕੁੱਟ ਕੀਤੀ ਸਗੋਂ ਉਸ ਨੂੰ ਪਿਸ਼ਾਬ ਪਿਆਉਣ ਦੀ ਵੀ ਕੋਸ਼ਿਸ਼ ਕੀਤੀ। ਇਸ ਮਾਮਲੇ ਤੇ ਸਬੰਧਤ ਪੁਲਸ ਵੱਲੋਂ ਸੁਣਵਾਈ ਨਾ ਕੀਤੇ ਜਾਣ ’ਤੇ ਉਕਤ ਪੀੜਤ ਨੇ ਕੁਝ ਐਸ ਸੀ ਜਥੇਬੰਦੀਆਂ ਦੇ ਸਹਿਯੋਗ ਨਾਲ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ, ਜਿਸ ਤੋਂ ਬਾਅਦ ਅਦਾਲਤ ਨੇ ਪੁਲਸ ਪਾਸੋਂ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ।
ਇਸ ਸਬੰਧੀ ਮਲੋਟ ਵਿਖੇ ਗੱਲਬਾਤ ਕਰਦਿਆਂ ਪਿੰਡ ਦਾਨੇਵਾਲਾ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਦਲੀਪ ਕੁਮਾਰ ਨੇ ਦੋਸ਼ ਲਾਇਆ ਕਿ ਕੁਝ ਲੋਕ ਉਸ ਨੂੰ ਬੰਦੂਕ ਦੀ ਨੋਕ ’ਤੇ ਬਠਿੰਡਾ ਤੋਂ ਇੱਕ ਕਾਰ ਵਿੱਚ ਜ਼ਬਰਦਸਤੀ ਚੁੱਕ ਕੇ ਮਲੋਟ ਦੇ ਰਸਤੇ ਵਿਚ ਗਿੱਦੜਬਾਹਾ ਕੋਲ ਪਿੰਡ ਦੌਲਾ ਦੇ ਇਕ ਫਾਰਮ ’ਤੇ ਲੈ ਆਏ ਅਤੇ ਉਸ ਨੂੰ ਲੰਬਾ ਸਮਾਂ ਬੰਧਕ ਬਣਾ ਕੇ ਰੱਖਿਆ। ਉਕਤ ਵਿਅਕਤੀਆਂ ਨੇ ਉਸਦੀ ਮਾਰਕੁੱਟ ਕੀਤੀ ਅਤੇ ਉਸ ਨੂੰ ਪਿਸ਼ਾਬ ਪਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਜਾਤੀਸੂਚਕ ਗਾਲਾਂ ਵੀ ਕੱਢੀਆਂ।
ਪੀੜਤ ਦਾ ਕਹਿਣਾ ਹੈ ਕਿ ਇਸ ਸਬੰਧੀ ਉਸ ਨੇ ਆਪਣੇ ਸਾਥੀ ਦੇ ਸਹਿਯੋਗ ਨਾਲ 112 ’ਤੇ ਫੋਨ ਕੀਤਾ, ਜਿਸ ਤੋਂ ਬਾਅਦ ਪੁਲਸ ਅਤੇ ਪੀ ਸੀ ਆਰ ਵਾਲੀਆਂ ਟੀਮਾਂ ਉਸ ਨੂੰ ਮੌਕੇ ਤੋਂ ਲੈ ਕੇ ਗਈਆਂ। ਬਾਅਦ ਵਿਚ ਦੋਨਾਂ ਧਿਰਾਂ ਨੂੰ ਥਾਣੇ ਲਿਜਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਪਿੱਛੋਂ ਪੀੜਤ ਵਿਅਕਤੀ ਨੇ ਇਸ ਮਾਮਲੇ ਸਬੰਧੀ ਇੱਕ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਤੋਂ ਰਿਪੋਰਟ ਵੀ ਤਲਬ ਕੀਤੀ ਹੈ। ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਹੋਵੇਗੀ।
ਇਸ ਮੌਕੇ ਭੀਮ ਕ੍ਰਾਂਤੀ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਕਿਹਾ ਕਿ ਇੱਕ ਦਲਿਤ ਨੂੰ ਪਿਸ਼ਾਬ ਪਿਆਉਣ ਦੀ ਕੋਸ਼ਿਸ਼ ਕਰਨਾ ਇੱਕ ਘਿਨਾਉਣਾ ਅਪਰਾਧ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਤੇ ਪੁਲਸ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕਰਨਾ ਵੀ ਸਾਬਤ ਕਰਦਾ ਹੈ ਕਿ ਧੱਕੇ ਕਰਨ ਵਾਲੀ ਧਿਰ ਸਿਆਸੀ ਰਸੂਖ ਵਾਲੀ ਹੈ। ਘਟਨਾ ਦੇ 8 ਦਿਨਾਂ ਤੋਂ ਉਪਰ ਲੰਘ ਜਾਣ ’ਤੇ ਵੀ ਅਜੇ ਤੱਕ ਪੁਲਸ ਨੇ ਕਾਰਵਾਈ ਨਹੀਂ ਕੀਤੀ ਹਾਲਾਂਕਿ ਚਾਹੀਦਾ ਸੀ ਕਿ ਜਦੋਂ ਪੁਲਸ ਦਲੀਪ ਕੁਮਾਰ ਨੂੰ ਅਜ਼ਾਦ ਕਰਵਾ ਕੇ ਲਿਆਏ ਉਸ ਵਕਤ ਹੀ ਐਫ਼ ਆਈ ਆਰ ਦਰਜ ਕੀਤੀ ਜਾਂਦੀ।
ਉਧਰ ਇਸ ਮਾਮਲੇ ’ਤੇ ਡੀ. ਐੱਸ. ਪੀ ਗਿੱਦੜਬਾਹਾ ਅਵਤਾਰ ਸਿੰਘ ਰਾਜਪਾਲ ਦਾ ਕਹਿਣਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ। ਸਿਰਫ ਆਪਸੀ ਪੈਸੇ ਦੇ ਲੈਣ ਦੇਣ ਦਾ ਰੌਲਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਦਾਲਤ ਨੇ ਉਨ੍ਹਾਂ ਤੋਂ ਰਿਪੋਰਟ ਮੰਗੀ ਹੈ ਅਤੇ ਉਹ ਰਿਪੋਰਟ ਪੇਸ਼ ਕਰ ਰਹੇ ਹਨ। ਉਧਰ ਇਸ ਮਾਮਲੇ ਦੀ ਸੱਚਾਈ ਕੀ ਹੈ ਇਹ ਤਾਂ ਅਦਾਲਤ ਵੱਲੋਂ ਮੰਗੀ ਰਿਪੋਰਟ ਅਤੇ ਪੁਲਸ ਪੱਖ ਤੋਂ ਬਾਅਦ ਸਾਹਮਣੇ ਆ ਜਾਵੇਗੀ ਪਰ ਫਾਇਨਾਂਸਰਾਂ ਵੱਲੋਂ ਕੀਤੀ ਗੁੰਡਾਗਰਦੀ ਦੀ ਇਹ ਪਹਿਲੀ ਘਟਨਾ ਨਹੀਂ।
Read More : ਪੰਜਾਬੀ ਯੂਨੀਵਰਸਿਟੀ ਦਾ ਤਾਜ਼ਾ ਅਧਿਐੱਨ