ਐੱਨ. ਆਰ. ਆਈ. ਪਤੀ-ਪਤਨੀ ਗ੍ਰਿਫਤਾਰ
ਬਠਿੰਡਾ :- ਬੀਤੇ ਦਿਨੀ ਜੈਤੋਂ ਨਜ਼ਦੀਕ 39 ਤੋਲੇ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਪੁਲਸ ਨੂੰ ਗੁੰਮਰਾਹ ਕਰਨ ਵਾਲੇ ਐੱਨ. ਆਰ. ਆਈ. ਪਤੀ-ਪਤਨੀ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਐੱਸ. ਐੱਸ. ਪੀ. ਅਮਨੀਤ ਕੌਡਲ ਨੇ ਦੱਸਿਆ ਕਿ ਐੱਨ. ਆਰ. ਆਈ. ਰਜਿੰਦਰ ਕੌਰ ਪਤਨੀ ਸਾਹਿਲ ਸਿੰਘ ਅਤੇ ਸਾਹਿਲ ਸਿੰਘ ਵਾਸੀ ਚੱਕ ਬਖਤੂ ਹਾਲ ਅਬਾਦ ਦੋਵੇ ਆਸਟ੍ਰੇਲੀਆਂ ਨੇ ਥਾਣਾ ਨੇਹੀਆਵਾਲਾ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 16/17 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਖੇ ਵਿਆਹ ਸਮਾਗਮ ਤੋਂ ਪਿੰਡ ਚੱਕ ਬਖਤੂ ਜਾ ਰਹੇ ਸਨ। ਜੈਤੋ ਨਜ਼ਦੀਕ 7-8 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰਕੇ ਉਨ੍ਹਾਂ ‘ਤੇ ਪਿਸਤੌਲ ਤਾਣ ਲਈ ਅਤੇ ਉਸ ਦੇ ਪਤੀ ਸਾਹਿਲ ਦੀ ਕੁੱਟਮਾਰ ਕੀਤੀ।
ਮੁਲਜ਼ਮਾਂ ਵਲੋਂ ਉਸਦੇ ਹੱਥਾਂ ਵਿਚ ਪਾਈਆ ਚੂੜੀਆਂ ਵਜਨ 28 ਤੋਲੇ, ਗਲ ਵਿਚ ਪਾਇਆ ਰਾਣੀ ਹਾਰ, ਬ੍ਰੈਸਲੇਟ ਜਬਰਦਸਤੀ ਖੋਹਕੇ ਲੈ ਗਏ, ਜਿਨ੍ਹਾਂ ਦਾ ਵਜਨ 39 ਤੋਲੇ ਦੇ ਲਗਭਗ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਵਲੋਂ ਸੀ. ਆਈ. ਏ.-2 ਅਤੇ ਥਾਣਾ ਨੇਹੀਆਵਾਲਾ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਦੋਵੇਂ ਐੱਨ. ਆਰ. ਆਈ. ਪਤੀ-ਪਤਨੀ ਆਪਸ ਵਿਚ ਝਗੜਾ ਕਰ ਰਹੇ ਸਨ। ਉਨ੍ਹਾਂ ਦੀ ਲੜਾਈ ਨੂੰ ਵੇਖਦੇ ਹੋਏ ਆਰਟਿਕਾ ਕਾਰ ਸਵਾਰ ਨੌਜਵਾਨ, ਜਿਸ ਨੂੰ ਮਦਨ ਲਾਲ ਵਾਸੀ ਪਿੰਡ ਖੂਹੀ ਖੇੜਾ,ਵਾਲੀਬਾਲ ਖਿਡਾਰੀ ਸੁਰੇਸ਼ ਕੁਮਾਰ, ਸੌਰਵ ਕੁਮਾਰ, ਸੰਦੀਪ ਕੁਮਾਰ, ਪੰਕਜ ਕੁਮਾਰ, ਵਿਜੇ ਪਾਲ, ਪਵਨ ਕੁਮਾਰ, ਵਿਨੋਦ ਕੁਮਾਰ, ਵਾਸੀ ਸਤੀਰਵਾਲਾ ਜ਼ਿਲਾ ਫਾਜਿਲਕਾ ਰਾਤ ਦਾ ਸਮਾਂ ਹੋਣ ਕਰ ਕੇ ਮਦਦ ਲਈ ਰੁਕੇ ਸਨ।
ਉਕਤ ਵਿਅਕਤੀਆਂ ਵਲੋਂ ਪਤੀ-ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਨੇ ਮਦਦ ਲਈ ਆਏ ਵਿਅਕਤੀਆਂ ‘ਤੇ ਹੀ ਲੁੱਟ ਖੋਹ ਦਾ ਦੋਸ਼ ਲਗਾ ਦਿੱਤਾ। ਪੁਲਸ ਵੱਲੋਂ ਜਦੋਂ ਡੂੰਘਾਈ ਨਾਲ ਉਕਤ ਲੜਕਿਆ ਤੋਂ ਪੁੱਛਗਿੱਛ ਕੀਤੀ ਤਾ ਉਨ੍ਹਾਂ ਵਲੋਂ ਮੌਕੇ ‘ਤੇ ਬਣਾਈ ਵੀਡੀਓ ਰਾਹੀਂ ਸਾਰੀ ਘਟਨਾ ਸਾਹਮਣੇ ਆਈ।
ਪੁਲਸ ਨੂੰ ਪਤਾ ਲੱਗਾ ਕਿ ਉਕਤ ਸਾਰੀ ਕਹਾਣੀ ਐੱਨ. ਆਰ. ਆਈ. ਪਤੀ-ਪਤਨੀ ਵਲੋਂ ਮਦਦ ਲਈ ਆਏ ਲੜਕਿਆ ਨੂੰ ਫਸਾਉਣ ਲਈ ਬਣਾਈ ਗਈ ਹੈ। ਪੁਲਸ ਵਲੋਂ ਦੋਵੇਂ ਪਤੀ-ਪਤਨੀ ਖਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾਉਣ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
