ਵਿਦੇਸ਼ੀ ਗੈਂਗਸਟਰਾਂ ਮਨੂ ਅਗਵਾਨ, ਜ਼ੀਸ਼ਾਨ ਅਖਤਰ ਅਤੇ ਗੋਪੀ ਨਵਾਂਸ਼ਹਿਰੀਆ ਦੇ ਨਿਰਦੇਸ਼ਾਂ ’ਤੇ ਨਿਸ਼ਾਨਾ ਸਾਧ ਕੇ ਕੀਤਾ ਸੀ ਕਤਲ : ਡੀਜੀਪੀ ਯਾਦਵ
ਗੁਰਦਾਸਪੁਰ, 21 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ’ਚ ਇਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਐਂਟੀ-ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਪੰਜਾਬ ਨੇ ਪੁਲਸ ਜ਼ਿਲਾ ਬਟਾਲਾ ਦੇ ਥਾਣਾ ਸ੍ਰੀ ਹਰਗੋਬਿੰਦਪੁਰ, ਕੇਂਦਰੀ ਏਜੰਸੀਆਂ ਅਤੇ ਨਾਗਾਲੈਂਡ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ’ਚ ਕੋਹਿਮਾ, ਨਾਗਾਲੈਂਡ ਤੋਂ ਜੁਗਰਾਜ ਸਿੰਘ ਉਰਫ਼ ਜੁੱਗਾ ਦੇ ਕਤਲ ਮਾਮਲੇ ’ਚ 2 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ 9 ਸਤੰਬਰ 2025 ਨੂੰ ਬਟਾਲਾ ਦੇ ਚੀਮਾ ਖੁੱਡੀ ਦੇ ਰਹਿਣ ਵਾਲੇ ਜੁਗਰਾਜ ਸਿੰਘ ਉਰਫ਼ ਜੁੱਗਾ ਦੀ ਪਿੰਡ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹੱਤਿਆ ਵਿਦੇਸ਼ੀ ਗੈਂਗਸਟਰਾਂ ਜਸਵਿੰਦਰ ਸਿੰਘ ਉਰਫ਼ ਮਨੂ ਅਗਵਾਨ, ਮੁਹੰਮਦ ਯਾਸੀਨ ਅਖ਼ਤਰ ਉਰਫ਼ ਜ਼ੀਸ਼ਾਨ ਅਖ਼ਤਰ ਅਤੇ ਗੋਪੀ ਨਵਾਂਸ਼ਹਿਰੀਆ ਦੇ ਇਸ਼ਾਰੇ ’ਤੇ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ।
ਡੀ. ਜੀ. ਪੀ. ਨੇ ਕਿਹਾ ਕਿ ਕਥਿਤ ਮੁਲਜ਼ਮਾਂ ਨੂੰ ਨਾਗਾਲੈਂਡ ਦੀ ਇਕ ਸਮਰੱਥ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਲਿਆਂਦਾ ਜਾ ਰਿਹਾ ਹੈ।
ਇਸ ਕਾਰਵਾਈ ਸਬੰਧੀ ਏ. ਜੀ. ਟੀ. ਐੱਫ. ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ. ਡੀ. ਜੀ. ਪੀ.) ਪ੍ਰਮੋਦ ਬਾਨ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀਆਂ ’ਤੇ ਕਾਰਵਾਈ ਕਰਦਿਆਂ ਏ. ਜੀ. ਟੀ. ਐੱਫ. ਪੁਲਸ ਟੀਮਾਂ ਨੇ ਡੀ. ਐੱਸ. ਪੀ. ਏ. ਜੀ. ਟੀ. ਐੱਫ. ਰਾਜਨ ਪਰਮਿੰਦਰ, ਪੁਲਸ ਜ਼ਿਲਾ ਬਟਾਲਾ ਦੇ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ, ਕੇਂਦਰੀ ਏਜੰਸੀਆਂ ਅਤੇ ਨਾਗਾਲੈਂਡ ਪੁਲਸ ਦੇ ਤਾਲਮੇਲ ਨਾਲ ਦੋਵੇਂ ਕਥਿਤ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਹਰਮਨਪ੍ਰੀਤ ਸਿੰਘ ਉਰਫ਼ ਹਰਮਨ ਅਤੇ ਉਸਦੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੋਵੇਂ ਵਾਸੀ ਪਿੰਡ ਕਲੇਰ ਬਟਾਲਾ ਵਜੋਂ ਹੋਈ ਹੈ, ਨੂੰ ਕੋਹਿਮਾ, ਨਾਗਾਲੈਂਡ ਦੇ ਮਿਡਲੈਂਡ ਕਾਲੋਨੀ ਦੀ ਨਿਊ ਮਾਰਕੀਟ ਦੇ ਹੋਟਲ ਬ੍ਰੌਡਵੇ ਤੋਂ ਗ੍ਰਿਫ਼ਤਾਰ ਕੀਤ ਾ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਇਸ ਸਬੰਧੀ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 103, 61(2) ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਦੇ ਤਹਿਤ ਐਫਆਈਆਰ ਨੰਬਰ 165 ਮਿਤੀ 09.09.2025 ਨੂੰ ਪਹਿਲਾਂ ਹੀ ਥਾਣਾ ਸ੍ਰੀ ਹਰਗੋਬਿੰਦਪੁਰ, ਬਟਾਲਾ ਵਿਖੇ ਕੇਸ ਦਰਜ ਕੀਤਾ ਜਾ ਚੁੱਕਾ ਹੈ।
Read More : ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ