ਮੀਟਿੰਗ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਹੋਰ ਸੁਧਾਰ ਦਾ ਮੁੱਢ ਬੰਨ੍ਹਿਆ : ਹਰਜੋਤ ਸਿੰਘ ਬੈਂਸ
ਮੈਗਾ ਸਕੂਲ ਮੈਨੇਜਮੈਂਟ ਕਮੇਟੀ ਮੀਟਿੰਗ ਵਿਚ ਵਿਦਿਆਰਥੀਆਂ ਦੀ ਭਲਾਈ ਬਾਰੇ ਹੋਈ ਵਿਚਾਰ-ਚਰਚਾ
ਚੰਡੀਗੜ੍ਹ : ਪੰਜਾਬ ਦੇ ਸਕੂਲਾਂ ਦੀ ਪ੍ਰਸ਼ਾਸਨ ਪ੍ਰਣਾਲੀ ਵਿਚ ਲੋਕਤੰਤਰ ਹੋਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਰਾਜ ਭਰ ਦੇ ਸਾਰੇ 19,110 ਸਰਕਾਰੀ ਸਕੂਲਾਂ ਵਿਚ ਮੈਗਾ ਸਕੂਲ ਮੈਨੇਜਮੈਂਟ ਕਮੇਟੀ (ਐਸ. ਐਮ. ਸੀ.) ਮੀਟਿੰਗ ਕਰਵਾਈ ਗਈ, ਜਿਸ ਨਾਲ ਵਿਦਿਆਰਥੀਆਂ ਦੇ ਮਾਪਿਆਂ ਅਤੇ ਨੁਮਾਇੰਦਿਆਂ ਨੂੰ ਸਕੂਲਾਂ ਦੇ ਪ੍ਰਬੰਧਨ ਸਬੰਧੀ ਫੈਸਲੇ ਲੈਣ ਵਿੱਚ ਸਿੱਧੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਾਰ ਮੈਗਾ ਐਸ. ਐਮ. ਸੀ. ਮੀਟਿੰਗ ਸਕੂਲ ਕੈਂਪਸਾਂ ਵਿਚ ਸਫਾਈ ‘ਤੇ ਕੇਂਦ੍ਰਿਤ ਸੀ। ਇਸ ਦੌਰਾਨ ਐਸ. ਐਮ. ਸੀ. ਮੈਂਬਰਾਂ ਅਤੇ ਮਾਪਿਆਂ ਨੇ ਸਫਾਈ ਦਾ ਮੁਲਾਂਕਣ ਕਰਨ, ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਸਥਾਨਕ ਹੱਲ ਸਾਂਝੇ ਕਰਨ ਲਈ ਆਪਣੇ-ਆਪਣੇ ਸਕੂਲਾਂ ਦੇ ਦੌਰੇ ਕੀਤੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲਾਂ ਵਿਚ ਵਿਦਿਆਰਥੀਆਂ ਲਈ ਇਕ ਸਿਹਤਮੰਦ ਅਤੇ ਵਧੇਰੇ ਅਨੁਕੂਲ ਸਿੱਖਣ ਦਾ ਮਾਹੌਲ ਸਿਰਜਣ ਦੇ ਉਦੇਸ਼ ਨਾਲ ਸੁੰਦਰੀਕਰਨ ਦੇ ਯਤਨਾਂ ਅਤੇ ਲੰਬੇ ਸਮੇਂ ਲਈ ਰੱਖ-ਰਖਾਅ ਸਬੰਧੀ ਯੋਜਨਾਵਾਂ ‘ਤੇ ਵੀ ਚਰਚਾ ਕੀਤੀ।
ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਅੱਜ ਦੀ ਵਿਚਾਰ-ਚਰਚਾ ਦਾ ਕੇਂਦਰ “ਸਕੂਲ ਦਾ ਬਦਲਾਵ, ਐਸ. ਐਮ. ਸੀ. ਦੇ ਨਾਲ” ਸੀ। ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਸਮੂਹਿਕ ਯਤਨਾਂ ਨਾਲ ਹੀ ਸੰਭਵ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਐਸ. ਐਮ. ਸੀ. ਮੈਂਬਰਾਂ ਨੇ ਸਕੂਲ ਦੇ ਬੁਨਿਆਦੀ ਢਾਂਚੇ, ਵਿਦਿਆਰਥੀਆਂ ਦੀ ਭਲਾਈ ਅਤੇ ਅਕਾਦਮਿਕ ਤਰੱਕੀ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਚਰਚਾਵਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਿਚਾਰ-ਵਟਾਂਦਰਾ ਕੀਤਾ।
ਹਰਜੋਤ ਸਿੰਘ ਬੈਂਸ ਨੇ ਇਸ ਮੀਟਿੰਗ ਨੂੰ ਸਫਲਤਾਪੂਰਵਕ ਕਰਵਾਉਣ ਲਈ ਸਕੂਲ ਮੁਖੀਆਂ ਅਤੇ ਸਟਾਫ਼ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦੇਸ਼ ਦੀ ਸਰਬੋਤਮ ਸਿੱਖਿਆ ਪ੍ਰਣਾਲੀ ਬਣਾਉਣ ਦੀ ਵਚਨਬੱਧਤਾ ਨੂੰ ਦਹੁਰਾਇਆ।
ਉਨ੍ਹਾਂ ਕਿਹਾ ਕਿ ਅੱਜ ਦੀ ਮੈਗਾ ਐਸ.ਐਮ.ਸੀ. ਮੀਟਿੰਗ ਸਕੂਲ ਪ੍ਰਸ਼ਾਸਨ ਵਿਚ ਹੋਰ ਬਦਲਾਅ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ, ਜਿਸ ਨਾਲ ਵਿਦਿਅਕ ਮਾਹੌਲ ਦੇ ਵੱਖ-ਵੱਖ ਪਹਿਲੂਆਂ ਵਿਚ ਹੋਰ ਸੁਧਾਰ ਹੋਵੇਗਾ। ਇਸ ਪਹਿਲਕਦਮੀ ਦਾ ਉਦੇਸ਼ ਮਾਪਿਆਂ, ਕਮਿਊਨਿਟੀ ਨੁਮਾਇੰਦਿਆਂ ਅਤੇ ਸਕੂਲ ਸਟਾਫ ਦਰਮਿਆਨ ਸਹਿਯੋਗ ਨੂੰ ਵਧਾਉਣਾ ਹੈ, ਜੋ ਪੰਜਾਬ ਵਿੱਚ ਇੱਕ ਵਧੇਰੇ ਪ੍ਰਭਾਵਸ਼ਾਲੀ ਅਤੇ ਸਰਬਪੱਖੀ ਵਿਕਾਸ ਵਾਲੀ ਸਿੱਖਿਆ ਪ੍ਰਣਾਲੀ ਦੇ ਮੁੱਖ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ।
ਇਸ ਦੌਰਾਨ, ਪੰਜਾਬ ਭਰ ਦੇ ਪੰਚਾਇਤ ਮੈਂਬਰਾਂ, ਜ਼ਿਲ੍ਹਾ ਅਧਿਕਾਰੀਆਂ ਅਤੇ ਵਿਭਾਗ ਦੇ ਨੁਮਾਇੰਦਿਆਂ ਨੇ ਮੀਟਿੰਗਾਂ ਵਿਚ ਸ਼ਾਮਲ ਹੋਣ ਅਤੇ ਜ਼ਮੀਨੀ ਪੱਧਰ ‘ਤੇ ਭਾਗੀਦਾਰੀ ਦਾ ਮੁਲਾਂਕਣ ਕਰਨ ਲਈ ਸਕੂਲਾਂ ਦਾ ਦੌਰਾ ਕੀਤਾ। ਮੀਟਿੰਗ ਤੋਂ ਬਾਅਦ ਸਕੂਲ ਆਫ਼ ਐਮੀਨੈਂਸ, ਬਨੂੜ ਦੇ ਇਕ ਐਸ. ਐਮ. ਸੀ. ਮੈਂਬਰ ਨੇ ਕਿਹਾ ਕਿ ਅੱਜ ਦੀ ਵਿਚਾਰ-ਚਰਚਾ ਵਿਚ ਸ਼ਾਮਲ ਹੋਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮਾਪਿਆਂ ਵਜੋਂ ਸਾਡੇ ਕੋਲ ਆਪਣੇ ਬੱਚਿਆਂ ਦੇ ਸਕੂਲਾਂ ਵਿਚ ਸਕਾਰਾਤਮਕ ਬਦਲਾਅ ਲਿਆਉਣ ਦੀ ਸਮਰੱਥਾ ਹੈ।
