ਕਿਸਾਨਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਕੇ ਕੀਤੀ ਰੋਸ ਰੈਲੀ
ਪਟਿਆਲਾ : ਕਿਸਾਨੀ ਸੰਘਰਸ਼ ਨੂੰ ਹੋਰ ਬਲ ਦੇਣ ਲਈ ਅੱਜ ਅੰਮ੍ਰਿਤਸਰ ਤੇ ਕਈ ਹੋਰ ਜਿਲਿਆਂ ਤੋਂ ਹਜਾਰਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਨਵੀਨਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਟ੍ਰੈਕਟਰ ਟਰਾਲੀਆਂ ਸਣੇ ਸੰਭੂ ਬਾਰਡਰ ਪੁੱਜ ਗਏ ਹਨ, ਜਿਥੇ ਕਿਸਾਨਾਂ ਨੇ ਰੋਸ਼ ਰੈਲੀ ਕਰ ਕੇ ਮੋਦੀ ਸਰਕਾਰ ਦਾ ਪਿਟ ਸਿਆਪਾ ਕੀਤਾ ਹੈ।
ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਬੀ ਕੇ ਯੂ ਦੋਆਬਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸੂਬਾ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦਸਿਆ ਕਿ ਅੱਜ ਦਾ ਕਾਫ਼ਲਾ ਸਰਕਾਰ ਜਾਂ ਮੋਰਚੇ ਪ੍ਰਤੀ ਉਦਾਸੀਨ ਨਜ਼ਰੀਆ ਰੱਖਣ ਵਾਲੇ ਸਰਕਾਰ ਦੇ ਪੱਖ ਚ ਭੁਗਤਣ ਵਾਲੇ ਤਥਾਕਥਿਤ ਬੁੱਧੀਜੀਵੀਆਂ ਦੇ ਭਰਮ ਦੂਰ ਕਰਨ ਦਾ ਕੰਮ ਕਰੇਗਾ। ਉਹਨਾਂ ਕਿਹਾ ਕਿ ਪਹਿਲਾਂ ਮੋਰਚੇ ਬਾਰੇ ਇਹ ਅਫਵਾਹ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਸਿਰਫ 2 ਜਥੇਬੰਦੀਆਂ ਦਾ ਹੈ, ਜਿਨਾ ਅਫਵਾਹਾਂ ਨੂੰ ਮੋਰਚੇ ਵਿਚ ਪੁਜੇ ਲੱਖਾਂ ਕਿਸਾਨਾਂ ਨੇ ਫੇਲ ਕਰ ਦਿੱਤਾ। ਉਨ੍ਹਾ ਕਿਹਾ ਕਿ ਪੂਰਾ ਪੰਜਾਬ ਅੰਦੋਲਨ ਨਾਲ ਨਹੀਂ, ਫਿਰ ਇਨਾ ਅਫਵਾਹਾਂ ਨੂੰ ਪੂਰੇ ਪੰਜਾਬ ਨੇ 30 ਦੇ ਬੰਦ ਨਾਲ ਹਵਾ ਕੱਢ ਦਿੱਤੀ। ਉਨ੍ਹਾ ਆਖਿਆ ਕਿ ਕਿਸਾਨਾਂ ਲਈ ਸਿਰ ਧੜ ਦੀ ਬਾਜੀ ਂਨਾਲ ਸੰਘਰਸ਼ ਜਾਰੀ ਰਹੇਗਾ।
ਮਰਨ ਵਰਤ 66ਵੇਂ ਦਿਨ ਵਿਚ : ਡਲੇਵਾਲ ਨੂੰ ਹੋਇਆ ਬੁਖਾਰ
ਖਨੌਰੀ : ਸਰਕਾਰ ਵੱਲੋਂ ਲਿਖਤ ਵਿਚ ਮੰਨੀਆਂ ਹੋਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 26 ਨਵੰਬਰ 2024 ਤੋਂ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 66ਵੇ ਦਿਨ ਵਿਚ ਵੀ ਜਾਰੀ ਰਿਹਾ ਅਤੇ ਅੱਜ ਉਨ੍ਹਾਂ ਨੂੰ ਬੁਖਾਰ ਹੋ ਗਿਆ, ਜਿਸ ਕਾਰਨ ਡਾਕਟਰਾਂ ਦੀ ਟੀਮ ਵਿਚ ਭਾਰੀ ਚਿੰਤਾ ਪਾਈ ਗਈ।
ਇਸ ਮੌਕੇ ਖਨੌਰੀ ਅੱਜ ਖਨੌਰੀ ਕਿਸਾਨ ਮੋਰਚੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿਸ ਉਪਰੰਤ ਕੀਰਤਨੀਏ ਜੱਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਖਨੌਰੀ ਕਿਸਾਨ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਮੁਲਾਕਾਤ ਕਰ ਕੇ ਉਹਨਾਂ ਦੀ ਸਿਹਤ ਦਾ ਪਤਾ ਲੈਣ ਲਈ ਪਹੁੰਚੇ, ਸਿੰਘ ਸਾਹਿਬ ਵੱਲੋਂ ਜਗਜੀਤ ਸਿੰਘ ਡੱਲੇਵਾਲ ਜੀ ਦੀ ਚੰਗੀ ਸਿਹਤ ਲਈ ਅਰਦਾਸ ਬੇਨਤੀ ਕੀਤੀ ਗਈ।
ਕਿਸਾਨ ਆਗੂਆਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਦਿੱਲੀ ਇੱਛਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਉਸ ਅਕਾਲ ਪੁਰਖ ਦੇ ਅੱਗੇ ਆਪਣਾ ਸੀਸ ਨਿਵਾਉਂਦੇ ਹੋਏ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਜਦੋਂ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੂੰ ਵਾਪਸ ਟਰਾਲੀ ਵਿਚ ਲਿਆਂਦਾ ਗਿਆ ਤਾਂ ਸਰੀਰਕ ਕਮਜ਼ੋਰੀ ਹੋਣ ਕਾਰਨ ਥੋੜੀ ਜਿਹੀ ਵੀ ਹਲਚਲ ਨਾਂ ਸਹਾਰਦੇ ਹੋਏ ਉਹਨਾਂ ਨੂੰ ਬੁਖਾਰ ਹੋ ਗਿਆ ਹੈ।
