ਇਸਲਾਮਾਬਾਦ, 18 ਦਸੰਬਰ : ਹਾਲ ਹੀ ਵਿਚ ਭਾਰਤੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵੱਲੋਂ ਫਲਸਤੀਨ ਲਿਖਿਆ ਬੈਗ ਪਾ ਕੇ ਸੰਸਦ ਭਵਨ ਜਾਣ ਸਬੰਧੀ ਪਾਕਿਸਤਾਨ ਵਿਚ ਤਾਰੀਫ਼ ਕੀਤੀ ਜਾ ਰਹੀ ਹੈ।
ਪਾਕਿਸਤਾਨੀ ਸਿਆਸਤਦਾਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸਾਬਕਾ ਨੇਤਾ ਫਵਾਦ ਚੌਧਰੀ ਨੇ ਕਾਂਗਰਸ ਸੰਸਦ ਪ੍ਰਿਯੰਕਾ ਗਾਂਧੀ ਵਾਡਰਾ ਦੀ ਸੰਸਦ ’ਚ ਫਲਸਤੀਨ ਲਿਖਿਆ ਬੈਗ ਲੈ ਕੇ ਜਾਣ ’ਤੇ ਉਸ ਦੀ ਤਾਰੀਫ ਕੀਤੀ।
ਸਰਹੱਦ ਪਾਰਲੇ ਸੂਤਰਾਂ ਮੁਤਾਬਕ ਐਕਸ ’ਤੇ ਇਕ ਪੋਸਟ ’ਚ ਫਵਾਦ ਚੌਧਰੀ ਨੇ ਲਿਖਿਆ, ਜਵਾਹਰ ਲਾਲ ਨਹਿਰੂ ਵਰਗੇ ਮਹਾਨ ਆਜ਼ਾਦੀ ਘੁਲਾਟੀਏ ਦੀ ਪੋਤੀ ਤੋਂ ਅਸੀਂ ਹੋਰ ਕੀ ਉਮੀਦ ਕਰ ਸਕਦੇ ਹਾਂ। ਅੱਜ ਤੱਕ ਕਿਸੇ ਪਾਕਿਸਤਾਨੀ ਸੰਸਦ ਮੈਂਬਰ ਨੇ ਅਜਿਹੀ ਹਿੰਮਤ ਨਹੀਂ ਦਿਖਾਈ। ਇਸ ਫੈਸਲੇ ਲਈ ਪ੍ਰਿਅੰਕਾ ਗਾਂਧੀ ਦਾ ਧੰਨਵਾਦ।
ਫਲਸਤੀਨ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਕਾਂਗਰਸ ਸੰਸਦ ਪ੍ਰਿਅੰਕਾ ਗਾਂਧੀ ਵਾਡਰਾ ਸੋਮਵਾਰ ਨੂੰ ਇਕ ਬੈਗ ਲੈ ਕੇ ਸੰਸਦ ਪਹੁੰਚੀ, ਜਿਸ ’ਤੇ ਫਲਸਤੀਨ ਸ਼ਬਦ ਲਿਖਿਆ ਹੋਇਆ ਸੀ।
ਕਾਂਗਰਸ ਦੇ ਜਨਰਲ ਸਕੱਤਰ ਨੇ ਗਾਜ਼ਾ ਵਿਚ ਇਜ਼ਰਾਈਲ ਦੀ ਕਾਰਵਾਈ ਦਾ ਵਿਰੋਧ ਕਰਨ ਅਤੇ ਫਲਸਤੀਨੀ ਲੋਕਾਂ ਪ੍ਰਤੀ ਸਮਰਥਨ ਪ੍ਰਗਟਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਪਾਕਿਸਤਾਨੀ ਪੀ. ਟੀ. ਆਈ. ਨੇ ਦੱਸਿਆ ਕਿ ਗਾਂਧੀ ਦੇ ਹੈਂਡਬੈਗ ਵਿਚ ਇਕ ਤਰਬੂਜ ਸਮੇਤ ਫਲਸਤੀਨੀ ਚਿੰਨ੍ਹ ਵੀ ਸਨ, ਜਿਸ ਨੂੰ ਫਲਸਤੀਨੀ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
