ਸੀ. ਬੀ. ਐੱਸ. ਸੀ. ਸਿਲੇਬਸ ’ਚੋਂ ਪੰਜਾਬੀ ਨੂੰ ਮਨਫੀ ਕਰਨ ਦੀ ਕੀਤੀ ਜਾ ਰਹੀ ਕੋਝੀ ਸਾਜ਼ਿਸ਼ : ਪ੍ਰੋ. ਬਡੂੰਗਰ

ਪਟਿਆਲਾ :-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਸੀ. ਬੀ. ਐੱਸ. ਈ. ਸਿਲੇਬਸ ’ਚੋਂ ਪੰਜਾਬੀ ਭਾਸ਼ਾ ਨੂੰ ਮਨਫੀ ਕੀਤੇ ਜਾਣ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸੰਸਥਾ ਕੇਂਦਰੀ ਸੈਕੰਡਰੀ ਬੋਰਡ ਮਾਟੋ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਪੰਜਾਬੀ ਭਾਸ਼ਾ ਨੂੰ ਆਪਣੇ ਸਿਲੇਬਸ ਅਤੇ ਪਾਠ ਪੁਸਤਕਾਂ ’ਚ ਮਨਫੀ ਕਰਨ ਦਾ ਕੋਝਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਬੋਰਡ ਦਾ ਪੰਜਾਬੀ ਭਾਸ਼ਾ ਵਿਰੋਧੀ ਫੈਸਲਾ ਨਿੰਦਣਯੋਗ ਹੈ।

ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਕਿਹਾ ਗਿਆ ਕਿ ਸਮੇਂ-ਸਮੇਂ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ’ਤੇ ਮਾਰੂ ਹਮਲੇ ਕੀਤੇ ਹਨ ਅਤੇ ਪੰਜਾਬ ਨੂੰ ਵਾਰ-ਵਾਰ ਹਰ ਪੱਖੋਂ ਛਾਂਗਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀ ਭਾਈਚਾਰੇ ਖਾਸ ਕਰ ਕੇ ਸਿੱਖ ਭਾਈਚਾਰੇ ਨੇ ਦੇਸ਼ ਦੀ ਜੰਗ-ਏ-ਆਜ਼ਾਦੀ ’ਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਆਜ਼ਾਦੀ ਉਪਰੰਤ ਅਮਰੀਕਾ ਤੋਂ ਸੂਰਾਂ ਦੇ ਖਾਣ ਵਾਲੀ ਲਾਲ ਰੰਗ ਦੀ ਕਣਕ ਤੋਂ ਖਹਿੜਾ ਛੁਡਵਾ ਕੇ ਦੇਸ਼ ਦਾ ਅੰਨ ਭੰਡਾਰ ਭਰਿਆ।

ਇਸ ਦੇ ਨਾਲ 1948, 1962, 1965, 1971 ਅਤੇ 1999 ਦੀ ਭਾਰਤ-ਪਾਕਿ, ਭਾਰਤ-ਚੀਨੀ ਜੰਗਾਂ ’ਚ ਪੰਜਾਬੀ ਫੌਜੀ ਜਵਾਨਾਂ ਅਤੇ ਅਫਸਰਾਂ ਨੇ ਯੋਗਦਾਨ ਪਾਇਆ ਅਤੇ ਲਾਮਿਸਾਲ ਸ਼ਹੀਦੀਆਂ ਵੀ ਦਿੱਤੀਆਂ। ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਸਬੰਧਤ ਅਦਾਰਿਆਂ ਵੱਲੋਂ ਮਹਾਨ ਪੰਜਾਬੀ ਭਾਈਚਾਰੇ ’ਤੇ ਮਾਰੂ ਹਮਲੇ ਕੀਤੇ ਜਾਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਆਖਿਰ ’ਚ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸੈਕੰਡਰੀ ਬੋਰਡ ਅਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਪੰਜਾਬੀ ਮਾਰੂ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *