ਐਮਰਜੈਂਸੀ ਵਾਰਡ ਵਿਚ ਮਰੀਜ਼ਾਂ ਨੇ ਭੱਜ ਕੇ ਬਚਾਈ ਜਾਨ
ਪਠਾਨਕੋਟ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਉਸ ਵੇਲੇ ਰੌਲਾ ਪੈ ਗਿਆ ਜਦੋਂ ਕਈ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੂੰ ਜਿਹੜਾ ਵੀ ਰੋਕਣ ਦੀ ਕੋਸ਼ਿਸ਼ ਕਰਦਾ, ਉਸ ਨੂੰ ਵੀ ਲਹੂ ਲੁਹਾਨ ਕਰ ਦਿੰਦੇ।
ਇਸ ਦੌਰਾਨ ਹਮਲਾਵਰਾਂ ਦੀ ਗੁੰਡਾਗਰਦੀ ਨੇ ਹਸਪਤਾਲ ਦੀ ਸੁਰੱਖਿਆ ਪ੍ਰਣਾਲੀ ’ਤੇ ਸਵਾਲ ਉਠਾ ਦਿੱਤੇ। ਜੇਕਰ ਇਲਾਜ ਕਰਵਾ ਰਿਹਾ ਮਰੀਜ਼ ਸੁਰੱਖਿਅਤ ਨਹੀਂ ਹੈ, ਤਾਂ ਹਸਪਤਾਲ ਦਾ ਸਟਾਫ਼ ਕਿਵੇਂ ਸੁਰੱਖਿਅਤ ਰਹੇਗਾ।
ਇਸ ਘਟਨਾ ਬਾਰੇ ਮਰੀਜ਼ ਦੇ ਮਾਤਾ-ਪਿਤਾ, ਰੰਜਨਾ ਕਲਸੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਾਣਿਕ ਕਲਸੀ ਪਿਛਲੇ ਦਿਨ ਸਿਵਲ ਹਸਪਤਾਲ ਇਲਾਜ ਲਈ ਆਇਆ ਸੀ। ਹਮਲਾਵਰਾਂ ਨੇ ਉਸਦੇ ਜੇਬ ਵਿਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਉਸ ਨੇ ਵਿਰੋਧ ਕੀਤਾ।
ਇਸ ਤੋਂ ਬਾਅਦ ਰਾਤ ਦੇ ਸਮੇਂ ਜਦੋਂ ਉਹ ਸੁਨਸਾਨ ਰਸਤੇ ਤੋਂ ਆ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਉੱਤੇ ਹਮਲਾ ਕੀਤਾ। ਮਾਣਿਕ ਨੂੰ ਗੰਭੀਰ ਹਾਲਤ ਵਿਚ 108 ਐਂਬੂਲੈਂਸ ਦੇ ਜ਼ਰੀਏ ਐਮਰਜੈਂਸੀ ਵਾਰਡ ਵਿਚ ਇਲਾਜ ਲਈ ਲਿਆਂਦਾ ਗਿਆ, ਜਿਥੇ ਐਮਰਜੈਂਸੀ ਵਾਰਡ ਵਿਚ ਮਾਣਿਕ ਦਾ ਇਲਾਜ ਚੱਲ ਰਿਹਾ ਸੀ ਪਰ ਹਮਲਾਵਰ ਦੁਬਾਰਾ ਉਸਦੇ ਉੱਤੇ ਹਮਲਾ ਕਰ ਦਿੱਤਾ। ਮਾਣਿਕ ਉਨ੍ਹਾਂ ਤੋਂ ਬਚ ਕੇ ਐਮਰਜੈਂਸੀ ਵਾਰਡ ਤੋਂ ਬਾਹਰ ਭੱਜ ਗਿਆ, ਨਹੀਂ ਤਾਂ ਉਸ ਦੀ ਜਾਨ ਚਲੀ ਜਾਣੀ ਸੀ।
ਇਸ ਘਟਨਾ ਤੋਂ ਬਾਅਦ, ਐਮਰਜੈਂਸੀ ਵਾਰਡ ਵਿਚ ਕਈ ਮਰੀਜ਼ ਡਰ ਕੇ ਭੱਜ ਗਏ ਅਤੇ ਇਲਾਜ ਨਹੀਂ ਕਰਵਾਇਆ। ਹਮਲਾਵਰਾਂ ਨੇ ਐਮਰਜੈਂਸੀ ਵਾਰਡ ਵਿਚ ਤਬਾਹੀ ਮਚਾ ਦਿੱਤੀ, ਜਦੋਂ ਕਿ ਵਾਰਡ ਦੇ ਕਈ ਸ਼ੀਸ਼ੇ ਟੁੱਟ ਗਏ ਅਤੇ ਦਰਵਾਜ਼ੇ, ਖਿੜਕੀਆਂ ਨੂੰ ਨੁਕਸਾਨ ਪਹੁੰਚਿਆ।
ਏ. ਐੱਸ. ਆਈ. ਨੇ ਵੀ ਭੱਜ ਕੇ ਬਚਾਈ ਜਾਨ
ਦੂਜੇ ਪਾਸੇ ਇਸ ਹਸਪਤਾਲ ਦੀ ਸੁਰੱਖਿਆ ਲਈ ਸਥਾਪਿਤ ਕੀਤੀ ਚੌਕੀ ਦੇ ਇੰਚਾਰਜ ਏ. ਐੱਸ. ਆਈ. ਗੁਲਸ਼ਨ ਸ਼ਰਮਾ ਨੇ ਜਿਉਂ ਹੀ ਉਕਤ ਹਮਲਾਵਰਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਉਸ ਉੱਪਰ ਵੀ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਕੋਲ ਖੜ੍ਹੇ ਇਕ ਹੋਰ ਨੌਜਵਾਨ, ਜਿਸ ਨੇ ਏ. ਐਸ. ਆਈ. ’ਤੇ ਹਮਲਾ ਕਰਨ ਤੋਂ ਰੋਕਿਆ ਤਾਂ ਉਕਤ ਹਮਲਾਵਰਾਂ ਨੇ ਉਕਤ ਵਿਅਕਤੀ ਤੇ ਵੀ ਹਮਲਾ ਕਰ ਕੇ ਗੱਭੀਰ ਜਖ਼ਮੀ ਕਰ ਦਿੱਤਾ, ਜਿਸ ਦੇ ਬਾਅਦ ਏ. ਐਸ. ਆਈ. ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਬਾਹਰ ਆ ਗਏ।
ਇਸ ਸਬੰਧੀ ਚੌਂਕੀ ਮੁਖੀ ਗੁਲਸ਼ਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਲਈ ਉਨ੍ਹਾਂ ਸਮੇਤ 5 ਸੁਰੱਖਿਆ ਮੁਲਾਜ਼ਮ ਤਾਇਨਾਤ ਹਨ, ਜਿਨ੍ਹਾਂ ਵਿਚੋਂ ਇਕ ਛੁੱਟੀ ’ਤੇ ਹੈ ਅਤੇ ਦੂਸਰਾ ਟ੍ਰੇਨਿੰਗ ਤੇ ਗਿਆ ਹੋਇਆ ਹੈ ਅਤੇ ਤਿੰਨ ਲੋਕ ਦਿਨ ਰਾਤ ਸ਼ਿਫਟ ਲਗਾ ਕੇ ਡਿਊਟੀ ਦੇ ਰਹੇ ਹਨ।
ਹਸਪਤਾਲ ਵਿਚ ਸੁਰੱਖਿਆ ਬਾਰੇ ਚਿੰਤਾ ਪ੍ਰਗਟਾਉਂਦਿਆਂ ਐੱਸ. ਐੱਮ. ਓ. ਡਾ. ਸੁਨੀਲ ਚਾਂਦ ਨੇ ਵੀ ਪੁਲਸ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ, ਤਾਂਕਿ ਮੁੜ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ।
