ਲੀਮਾ – ਉੱਤਰ-ਪੱਛਮੀ ਪੇਰੂ ਵਿਚ ਇਕ ਸ਼ਾਪਿੰਗ ਮਾਲ ਦੇ ‘ਫੂਡ ਕੋਰਟ’ ਦੀ ਛੱਤ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 78 ਹੋਰ ਲੋਕ ਜ਼ਖਮੀ ਹੋ ਗਏ। ਦੇਸ਼ ਦੇ ਰੱਖਿਆ ਮੰਤਰੀ ਨੇ ਇਹ ਜਾਣਕਾਰੀ ਦਿੱਤੀ।
‘ਫੂਡ ਕੋਰਟ’ ਮਾਲ ਵਿੱਚ ਉਹ ਜਗ੍ਹਾ ਹੁੰਦੀ ਹੈ, ਜਿੱਥੇ ਕਈ ਤਰ੍ਹਾਂ ਦੇ ਰੈਸਟੋਰੈਂਟ ਅਤੇ ਖਾਣ-ਪੀਣ ਦੀਆਂ ਦੁਕਾਨਾਂ ਹੁੰਦੀਆਂ ਹਨ। ਸ਼ੁੱਕਰਵਾਰ ਰਾਤ ਨੂੰ ਲਾ ਲਿਬਰਟਾਡ ਖੇਤਰ ਦੇ ਟਰੂਜਿਲੋ ਸ਼ਹਿਰ ਵਿੱਚ ‘ਰੀਅਲ ਪਲਾਜ਼ਾ ਟਰੂਜਿਲੋ’ ਸ਼ਾਪਿੰਗ ਮਾਲ ਦੀ ਇੱਕ ਭਾਰੀ ਲੋਹੇ ਦੀ ਛੱਤ ਉੱਥੇ ਮੌਜੂਦ ਲੋਕਾਂ ‘ਤੇ ਡਿੱਗ ਗਈ।
ਰੱਖਿਆ ਮੰਤਰੀ ਵਾਲਟਰ ਅਸਟੂਡੀਲੋ ਨੇ ਬੀਤੇ ਦਿਨ ਦੱਸਿਆ ਕਿ ‘ਲਾ ਲਿਬਰਟਾਡ’ ਵਿਚ ਸਥਾਨਕ ਫਾਇਰਫਾਈਟਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਮਾਰਤ ਢਹਿ ਜਾਣ ਤੋਂ ਬਾਅਦ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 1 ਹੋਰ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ।
ਅਸਟੂਡੀਲੋ ਨੇ ਕਿਹਾ ਕਿ 30 ਜ਼ਖਮੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 48 ਅਜੇ ਵੀ ਹਸਪਤਾਲ ਵਿਚ ਦਾਖਲ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਮੰਤਰੀ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਸਥਾਨਕ ਫਾਇਰ ਵਿਭਾਗ ਦੇ ਮੁਖੀ ਲੁਈਸ ਰੌਨਕਲ ਨੇ ਕਿਹਾ ਕਿ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਇਸ ਦੌਰਾਨ, ਟਰੂਜਿਲੋ ਦੇ ਮੇਅਰ ਮਾਰੀਓ ਰੇਯਨਾ ਨੇ “ਆਉਣ ਵਾਲੇ ਜੋਖਮ ਦੇ ਕਾਰਨ” ਮਾਲ ਬੰਦ ਕਰਨ ਦਾ ਐਲਾਨ ਕੀਤਾ।
