ਹਲਕਾ ਵਿਧਾਇਕ ਨੇ ਨਗਰ ਨਿਗਮ ਦੇ ਜਨਰਲ ਇਜਲਾਸ ਵਿਚ ਮਤਾ ਕਰਵਾਇਆ ਸੀ ਪਾਸ
ਅਜੀਤਪਾਲ ਸਿੰਘ ਕੋਹਲੀ ਨੇ ਪ੍ਰਤਿਮਾ ਲਈ ਪ੍ਰਬੰਧਕਾਂ ਨੂੰ 1 ਲੱਖ ਦਾ ਚੈਕ ਭੇਂਟ ਕੀਤਾ
ਪਟਿਆਲਾ :- ਹਲਕਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪੁਰਾਣਾ ਬੱਸ ਅੱਡਾ ਨੇੜੇ ਲਗਾਈ ਜਾਣ ਵਾਲੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦੀ 51 ਫੁੱਟ ਉਚੀ ਪ੍ਰਤਿਮਾ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਆਪਣੇ ਪਰਿਵਾਰ ਵੱਲੋਂ ਪ੍ਰਤਿਮਾ ਦੇ ਨਿਰਮਾਣ ਲਈ ਇਕ ਲੱਖ ਰੁਪਏ ਦਾ ਚੈਕ ਪ੍ਰਬੰਧਕਾਂ ਨੂੰ ਭੇਂਟ ਕੀਤਾ।
ਜ਼ਿਕਰਯੋਗ ਹੈ ਕਿ ਬੀਤੀ 18 ਫਰਵਰੀ ਨੂੰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਏਜੰਡੇ ਤੋਂ ਬਾਹਰੋਂ ਮਤਾ ਲਿਆ ਕੇ ਸਰਬਸੰਮਤੀ ਨਾਲ ਫ਼ੈਸਲਾ ਕਰਵਾਇਆ ਸੀ ਕਿ ਪਟਿਆਲਾ ਵਿਖੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੀ 51 ਫੁੱਟ ਉਚੀ ਪ੍ਰਤਿਮਾ ਲੱਗੇਗੀ, ਜਿਸ ਦਾ ਅੱਜ ਨੀਂਹ ਪੱਥਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਰੱਖਿਆ ਗਿਆ ਹੈ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਾਡਾ ਇਹ ਸੁਪਨਾ ਸੀ ਕਿ ਅਸੀਂ ਪਟਿਆਲਾ ਸ਼ਹਿਰ ਵਿਚ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੀ ਅਜਿਹੀ ਪ੍ਰਤਿਮਾ ਲਗਾਈਏ, ਜੋ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਸੱਚੇ ਰਸਤੇ ‘ਤੇ ਚੱਲਣ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰ ਸਕੇ।
ਉਨ੍ਹਾਂ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਅਸੀਂ ਬਾਬਾ ਸਾਹਿਬ ਦੀ 51 ਫੁੱਟ ਉਚੀ ਪ੍ਰਤਿਮਾ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਸਥਾਪਤ ਕਰਨ ਜਾ ਰਹੇ ਹਾਂ, ਜੋ ਇਕ ਸਾਲ ਦੇ ਅੰਦਰ ਅੰਦਰ ਬਣ ਕੇ ਤਿਆਰ ਹੋ ਜਾਵੇਗੀ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਡਾ. ਭੀਮ ਰਾਉ ਅੰਬੇਡਕਰ ਦੀ ਪ੍ਰਤਿਮਾ ਬਣਨ ਤੱਕ ਉਹ ਇੱਕ ਚੌਕੀਦਾਰ ਦੀ ਤਰ੍ਹਾਂ ਇਸ ਦੇ ਨਿਰਮਾਣ ਕਾਰਜ ਦੌਰਾਨ ਡਿਊਟੀ ਨਿਭਾਉਣਗੇ ਤੇ ਪ੍ਰਬੰਧਕਾਂ ਵੱਲੋਂ ਜੋ ਵੀ ਸੇਵਾ ਉਨ੍ਹਾਂ ਨੂੰ ਦਿੱਤੀ ਜਾਵੇਗੀ, ਉਹ ਉਸ ਨੂੰ ਕਰਨਗੇ।
ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜਾ, ਸਾਬਕਾ ਸੀਨੀਅਰ ਡਿਪਟੀ ਮੇਅਰ ਕਬੀਰ ਦਾਸ, ਬੀਬਾ ਜੈ ਇੰਦਰ ਕੌਰ, ਸੋਨੂੰ ਸੰਗਰ, ਨਰੇਸ਼ ਕੁਮਾਰ ਬੌਬੀ, ਰਾਜੇਸ਼ ਘਾਰੂ, ਰਾਮ ਚੰਦਰ ਟਾਂਕ, ਜਤਿੰਦਰ ਕੁਮਾਰ ਪ੍ਰਿੰਸ, ਹੈਪੀ ਲੋਹਟ, ਪਵਨ ਧਾਰੀਵਾਲ, ਪ੍ਰੇਮ ਲਤਾ, ਵਿਜੈ ਸ਼ਾਹ, ਰਾਜੇਸ਼ ਕੁਮਾਰ, ਨੇਹਾ ਸੰਧੂ, ਸੋਨੀਆ ਦਾਸ, ਸਾਗਰ ਧਾਰੀਵਾਲ, ਜਗਮੋਹਨ ਸਿੰਘ, ਅਜੇ ਡਾਬੀ ਤੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ, ਸੈਂਟਰ ਵਾਲਮੀਕੀ ਸਭਾ ਅਤੇ ਵਾਲਮੀਕੀ ਧਰਮ ਸਭਾ ਦੇ ਵੱਡੀ ਗਿਣਤੀ ਅਹੁਦੇਦਾਰ ਮੌਜੂਦ ਸਨ।
