ਲੰਗਰ ਵਿਚ ਸੇਵਾ ਕਰਦੇ ਨੌਜਵਾਨ ਦੇ ਸਿਰ ’ਚ ਮਾਰੀਆ ਗੋਲੀਆਂ

ਵਾਪਸ ਜਾਂਦੇ ਸਮੇਂ ਦੂਰ ਤੱਕ ਲਗਾਤਾਰ ਗੋਲੀਆਂ ਚਲਾਉਂਦੇ ਗਏ ਨਕਾਬਪੌਸ਼ ਨੌਜਵਾਨ

ਸ੍ਰੀ ਹਰਗੋਬਿੰਦਪੁਰ ਸਾਹਿਬ – : ਅੱਜ ਬਾਅਦ ਦੁਪਹਿਰ ਕਸਬਾ ਚੌਕ ਮਹਿਤਾ ਦੇ ਨੇੜੇ ਪਿੰਡ ਚੂੰਘ ਵਿਖੇ ਲੰਗਰ ਦੀ ਸੇਵਾ ਕਰਦੇ ਇਕ ਨੌਜਵਾਨ ਨੂੰ ਹਮਲਾਵਰਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ 24 ਘੰਟਿਆਂ ਵਿਚ ਕਤਲ ਦੀ ਇਸ ਦੂਜੀ ਵਾਰਦਾਤ ਨੇ ਸਮੁੱਚੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ ਹੈ।
ਦਰਅਸਲ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੀ ਸੜਕ ਉਪਰ ਪਿੰਡ ਚੂੰਘ ਦੇ ਨਜ਼ਦੀਕ ਲੰਗਰ ਲੱਗਾ ਹੋਇਆ ਸੀ, ਜਿਥੇ ਨੌਜਵਾਨ ਵਰਿੰਦਰਪਾਲ ਸਿੰਘ ਵਿੱਕੀ ਵਾਸੀ ਪਿੰਡ ਚੂੰਘ ਸੇਵਾ ਕਰ ਰਿਹਾ ਸੀ, ਜਿਸਦਾ ਮੋਟਰਸਾਈਕਲ ਸਵਾਰ ਤਿੰਨ ਨਕਾਬਪੌਸ਼ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਹਮਲਾਵਰਾਂ ਨੇ 6-7 ਦੇ ਕਰੀਬ ਗੋਲੀਆਂ ਮ੍ਰਿਤਕ ਦੇ ਸਿਰ ’ਚ ਮਾਰੀਆਂ, ਜਿਸ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਆਮ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਇੰਨੇ ਬੇਖੌਫ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਵਾਪਸ ਜਾਂਦੇ ਸਮੇਂ ਉਹ ਦੂਰ ਤਕ ਲਗਾਤਾਰ ਗੋਲੀਆਂ ਚਲਾਉਂਦੇ ਗਏ ਹਨ। ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਹੈ।
ਇਸ ਦੌਰਾਨ ਮਾਮਲੇ ਦੀ ਛਾਣਬੀਣ ਕਰ ਰਹੀ ਪੁਲਿਸ ਪਾਰਟੀ ਨਾਲ ਮੌਜੂਦ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜੇਲ ਵਿਚ ਰਹਿ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਬਹੁਤ ਜਲਦ ਪੁਲਿਸ ਦੀ ਗ੍ਰਿਫ਼ਤ ’ਚ ਹੋਣਗੇ।

Leave a Reply

Your email address will not be published. Required fields are marked *