
ਸ੍ਰੀ ਮੁਕਤਸਰ ਸਾਹਿਬ : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਯਾਦ ’ਚ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ’ਚ ਮੰਗਲਵਾਰ ਨੂੰ ਮੇਲਾ ਮਾਘੀ ਸ਼ੁਰੂ ਹੋ ਗਿਆ ਹੈ। ਮਾਘੀ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਜਿਥੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰ ਕੇ ਪੁੰਨ ਕਮਾਇਆ। ਉੱਥੇ ਹੀ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰ ਕੇ ਜੀਵਨ ਸਫਲ ਬਣਾਇਆ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ ’ਚ ਪਿਛਲੇ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਇਆ ਸੀ, ਜਿਸ ਦਾ ਭੋਗ ਮਾਘੀ ਵਾਲੇ ਦਿਨ ਸਵੇਰੇ ਸਾਢੇ 7 ਵਜੇ ਪਾਇਆ ਗਿਆ। ਇਸ ਦੌਰਾਨ ਸੰਗਤਾਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ, ਗੁਰਦੁਆਰਾ ਤਰਨਤਾਰਨ ਸਾਹਿਬ ਸਮੇਤ ਹੋਰ ਗੁਰੂ ਘਰਾਂ ’ਚ ਪਹੁੰਚ ਕੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਾਈ ਗਈ। ਸਾਰਾ ਦਿਨ ਸ਼ਹਿਰ ’ਚ ਕਈ ਥਾਵਾਂ ’ਤੇ ਲੰਗਰ ਚਲਦੇ ਰਹੇ। ਰਵਾਇਤੀ ਤੌਰ ’ਤੇ ਮੇਲਾ ਮਾਘੀ 14 ਤੇ 15 ਜਨਵਰੀ 2 ਦਿਨ ਚੱਲਦਾ ਹੈ ਪਰ ਮਲੋਟ ਰੋਡ ’ਤੇ ਮਨੋਰੰਜਨ ਮੇਲੇ ਦੇ ਚਲਦਿਆਂ ਲਗਭਗ 2 ਮਹੀਨਿਆਂ ਤੱਕ ਸ੍ਰੀ ਮੁਕਤਸਰ ਸਾਹਿਬ ’ਚ ਮਾਘੀ ਮੇਲੇ ਦੀ ਰੌਣਕ ਰਹਿੰਦੀ ਹੈ।
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਬਾਠ ਨੇ ਦੱਸਿਆ ਕਿ 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ’ਚ ਵਿਸ਼ੇਸ਼ ਢਾਡੀ ਸਮਾਰੋਹ ਹੋਵੇਗਾ। ਜਦੋਂਕਿ ਗੁਰਦੁਆਰਾ ਤੰਬੂ ਸਾਹਿਬ ’ਚ 11 ਵਜੇ ਇੱਛੁਕ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾਇਆ ਜਾਵੇਗਾ। ਉੱਥੇ ਹੀ ਨਗਰ ਕੀਰਤਨ ਕੱਢੇ ਜਾਣ ਨਾਲ ਮੇਲਾ ਮਾਘੀ ਰਵਾਇਤੀ ਤੌਰ ’ਤੇ ਸੰਪੰਨ ਹੋ ਜਾਵੇਗਾ। ਨਗਰ ਕੀਰਤਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 4 ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਪਹੁੰਚੇਗਾ, ਜਿੱਥੋਂ ਵਾਪਸ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ’ਤੇ ਪਹੁੰਚ ਕੇ ਸਮਾਪਤ ਹੋਵੇਗਾ।

