ਮੁੱਖ ਮੰਤਰੀ ਅਤੇ ਪਿੰਡ ਨੂੰ ਬਦਨਾਮ ਕਰਨ ਦੀ ਕੀਤੀ ਗਈ ਕੋਸ਼ਿਸ਼
ਸੰਗਰੂਰ – ਸਿੱਖਸ ਫੋਰ ਜਸਟਿਸ ਦੇ ਸੰਚਾਲਕ ਗੁਰਪਤਵੰਤ ਸਿੰਘ ਪੰਨੂ ਵੱਲੋਂ ਅੱਜ ਸਵੇਰੇ ਸੋਸ਼ਲ ਮੀਡੀਆ ਰਾਹੀਂ ਇਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਪਿੰਡ ਸਤੌਜ ਵਿਖੇ ਖਾਲਿਸਤਾਨ ਦਾ ਝੰਡਾ ਚੜ੍ਹਾਇਆ ਗਿਆ ਹੈ, ਜਿਸ ਤੋਂ ਬਾਅਦ ਇਹ ਵੀਡੀਓ ਵੱਖ-ਵੱਖ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਸਾਰਾ ਦਿਨ ਘੁੰਮਦੀ ਰਹੀ ਜਦਕਿ ਇਸ ਸਬੰਧੀ ਪੁਲਸ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਪਿੰਡ ਸਤੌਜ ਵਿਖੇ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਵਾਪਰੀ ਸਗੋਂ ਮੁੱਖ ਮੰਤਰੀ ਅਤੇ ਉਸ ਦੇ ਪਿੰਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਮੁੱਖ ਮੰਤਰੀ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਸਰਕਾਰੀ ਸਕੂਲ ਦੀ ਇਮਾਰਤ ’ਤੇ ਖਾਲਿਸਤਾਨੀ ਝੰਡਾ ਚੜ੍ਹਾਉਣ ਦੀ ਵਾਇਰਲ ਵੀਡੀਓ ਸਬੰਧੀ ਪਿੰਡ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ, ਪੰਚ ਚਮਕੌਰ ਸਿੰਘ, ਪੰਚ ਦਾਰਾ ਸਿੰਘ ਤੇ ਪੰਚ ਭੋਲਾ ਸਿੰਘ ਨੇ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਜਾ ਰਹੀ ਹੈ, ਉਸ ਦਾ ਸਤੌਜ ਪਿੰਡ ਨਾਲ ਕੋਈ ਵੀ ਸਬੰਧ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਿੰਡ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਹਾਈ ਸਕੂਲ ਹਨ ਜਿਨ੍ਹਾਂ ਦੀਆਂ ਇਮਾਰਤਾਂ ਉਨ੍ਹਾਂ ਵੱਲੋਂ ਚੈੱਕ ਕਰ ਲਈਆਂ ਗਈਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਉਨ੍ਹਾਂ ਵਾਇਰਲ ਵੀਡੀਓ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਜਾਣ-ਬੁੱਝ ਕੇ ਮੁੱਖ ਮੰਤਰੀ ਪੰਜਾਬ ਅਤੇ ਉਨਾਂ ਦੇ ਪਿੰਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਚਾਇਤ ਦੇ ਨੁਮਾਇੰਦਿਆਂ ਨੇ ਪਿੰਡ ਦੀਆਂ ਵੱਖ-ਵੱਖ ਸਰਕਾਰੀ ਸੰਸਥਾਵਾਂ ਅਤੇ ਫਿਰਨੀਆਂ ਨੂੰ ਚੈੱਕ ਕਰਨ ਤੋਂ ਇਲਾਵਾ ਨੇੜੇ-ਤੇੜੇ ਦੀ ਸਰਕਾਰੀ ਅਤੇ ਗੈਰ-ਸਰਕਾਰੀ ਥਾਵਾਂ ਉੱਪਰ ਚੈਕਿੰਗ ਕੀਤੀ ਹੈ, ਜਿੱਥੇ ਕੋਈ ਵੀ ਇਸ ਤਰ੍ਹਾਂ ਦਾ ਝੰਡਾ ਚੜ੍ਹਾਉਣ ਦੀ ਗੱਲ ਸਾਹਮਣੇ ਨਹੀਂ ਆਈ, ਜੋ ਵਾਇਰਲ ਵੀਡੀਓ ’ਚ ਪਿੰਡ ਦਾ ਨਾਂ ਦਿਖਾਇਆ ਗਿਆ ਹੈ, ਉਹ ਵੱਖ-ਵੱਖ ਪਿੰਡਾਂ ਤੋਂ ਸਤੌਜ ਪਿੰਡ ਨੂੰ ਆਉਂਦੀਆਂ ਸੜਕਾਂ ਦੇ ਸਾਈਨ ਬੋਰਡਾਂ ਦੇ ਨਾਂ ਲਿਖੇ ਹੋਏ ਹਨ।
ਉਨ੍ਹਾਂ ਸਮੁੱਚੇ ਨਗਰ ਅਤੇ ਜ਼ਿਲਾ ਨਿਵਾਸੀਆਂ ਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਵੀ ਕੀਤੀ। ਇਸ ਮਾਮਲੇ ਸਬੰਧੀ ਥਾਣਾ ਧਰਮਗੜ੍ਹ ਦੀ ਪੁਲਸ ਪਾਰਟੀ ਵੱਲੋਂ ਵੀ ਪਿੰਡ ਸਤੌਜ ਵਿਖੇ ਪਹੁੰਚ ਕੇ ਜਾਇਜ਼ਾ ਲਿਆ ਗਿਆ।