ਅਬੋਹਰ : -ਪੰਜਾਬ ਦੇ ਸ਼ਹਿਰ ਅਬੋਹਰ ਦੇ ਪਿੰਡ ਕੱਲਰ ਖੇੜਾ ਵਿਚ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਮਹਿਲਾ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪਿੰਡ ਕੱਲਰ ਖੇੜਾ ਵਿਚ ਮਹਿਲਾ ਸਰਪੰਚ ਪੂਨਮ ਰਾਣੀ ਦੇ ਪਤੀ ਸ਼ੰਕਰ ਲਾਲ ਪੰਚਾਇਤੀ ਕੰਮ ਕਰਵਾ ਰਹੇ ਸਨ ਤਾਂ ਇਸ ਦੌਰਾਨ ਪਿੰਡ ਦੇ ਹੀ ਵਾਸੀ ਮਨੋਜ ਕੁਮਾਰ ਨਾਲ ਪਾਣੀ ਨਿਕਾਸੀ ਮਾਮਲੇ ਨੂੰ ਲੈਕੇ ਤਕਰਾਰ ਹੋਈ ਅਤੇ ਇਸ ਦੌਰਾਨ ਮਨੋਜ ਕੁਮਾਰ ਨੇ ਪਿਸਤੌਲ ਕੱਢ ਕੇ ਸ਼ੰਕਰ ਲਾਲ ਦੇ ਸਿਰ ’ਤੇ ਗੋਲੀ ਮਾਰ ਦਿੱਤੀ।
ਲੋਕਾਂ ਨੇ ਸ਼ੰਕਰ ਲਾਲ ਨੂੰ ਤੁਰੰਤ ਗੱਡੀ ਵਿਚ ਪਾਇਆ ਅਤੇ ਡਾਕਟਰ ਕੋਲ ਲੈਕੇ ਗਏ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ ਤੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਗੋਲੀ ਜਵਾਂ ਨੇੜਿਓਂ ਮਾਰੀ ਗਈ ਹੈ ਅਤੇ ਜਦੋਂ ਹਸਪਤਾਲ ਲਿਆਂਦਾ ਗਿਆ, ਉਦੋਂ ਉਸਦੀ ਮੌਤ ਹੋ ਚੁੱਕੀ ਸੀ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਦੱਸਿਆ ਕਿ ਜਿਸਦੀ ਮੌਤ ਹੋਈ ਹੈ ਅਤੇ ਜਿਸਨੇ ਗੋਲੀ ਮਾਰੀ ਹੈ, ਉਹ ਦੋਵੇਂ ਹੀ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ ਪਰ ਇਸ ਮਾਮਲੇ ਵਿਚ ਦੋਸ਼ੀ ਖਿਲਾਫ ਸਖਤ ਕਾਰਵਾਈ ਲਈ ਪੁਲਿਸ ਨੂੰ ਕਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਗੋਲੀ ਚਲਾਉਣ ਵਾਲਾ ਫਰਾਰ ਹੈ ਪਰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
