ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਦੀ ਕਰਵਾਈ ਮੈਡੀਕਲ ਜਾਂਚ

ਬਠਿੰਡਾ :- ਕੇਂਦਰੀ ਜੇਲ ਬਠਿੰਡਾ ਵਿਚ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਦੋ ਗੈਂਗਸਟਰਾਂ ਨੂੰ ਸੋਮਵਾਰ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਦੋਵਾਂ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਜੇਲ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਸੁੱਖਾ ਕਾਹਲਵਾਂ ਗਰੁੱਪ ਨਾਲ ਸਬੰਧਤ ਦੋ ਗੈਂਗਸਟਰ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਅਤੇ ਗੁਰਪ੍ਰੀਤ ਸਿੰਘ ਆਪਣੀਆਂ ਮੰਗਾਂ ਨੂੰ ਲੈ ਕੇ 22 ਜਨਵਰੀ ਦੀ ਸ਼ਾਮ ਤੋਂ ਭੁੱਖ ਹੜਤਾਲ ’ਤੇ ਹਨ।

ਪਤਾ ਲੱਗਾ ਹੈ ਕਿ ਦੋਵਾਂ ਗੈਂਗਸਟਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਸਿਰਫ ਫੋਨ ’ਤੇ ਗੱਲ ਕਰਨ ਲਈ ਕਿਹਾ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਪੁਲਸ ਉਨ੍ਹਾਂ ਦੀ ਗੱਲਬਾਤ ਵੀ ਰਿਕਾਰਡ ਕਰਦੀ ਹੈ। ਉਕਤ ਗੈਂਗਸਟਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਮੰਗ ਨੂੰ ਲੈ ਕੇ 22 ਜਨਵਰੀ ਤੋਂ ਭੁੱਖ ਹੜਤਾਲ ’ਤੇ ਸੀ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਗੈਂਗਸਟਰਾਂ ਨੇ ਖਾਣੇ ਲਈ ਚਿਕਨ ਦੀ ਵੀ ਮੰਗ ਕੀਤੀ ਹੈ। ਗੈਂਗਸਟਰ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਅਤੇ ਗੈਗਸਟਰ ਗੁਰਪ੍ਰੀਤ ਸਿੰਘ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਰੀਬੀ ਸਾਥੀ ਮੰਨੇ ਜਾਂਦੇ ਹਨ। ਸੁੱਖਾ ਕਾਹਲਵਾਂ ਦਾ 2015 ’ਚ ਫਗਵਾੜਾ-ਗੁਰਿਆਣ ਇਲਾਕੇ ’ਚ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿੱਤਾ ਸੀ।

ਗੈਂਗਸਟਰ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਖ਼ਿਲਾਫ਼ 50 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਗੁਰਪ੍ਰੀਤ ਸਿੰਘ ਕਤਲ, ਲੁੱਟ-ਖੋਹ ਅਤੇ ਹੋਰ ਗੰਭੀਰ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਦੋਵਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਦੋਸ਼ ਲਾਏ ਹਨ ਅਤੇ ਇਸ ਸਬੰਧੀ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਹਨ। ਸੋਮਵਾਰ ਨੂੰ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਦੋਵਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀ ਹਾਲਤ ਠੀਕ ਪਾਈ ਗਈ। ਬਾਅਦ ਵਿਚ ਦੋਵਾਂ ਨੂੰ ਵਾਪਸ ਜੇਲ ਭੇਜ ਦਿੱਤਾ ਗਿਆ।

Leave a Reply

Your email address will not be published. Required fields are marked *