ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲ ਵਿਰੋਧੀ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਇਕ ਵੱਡਾ ਮੁਕਾਬਲਾ ਹੋਇਆ। ਜਾਣਕਾਰੀ ਅਨੁਸਾਰ ਬੀਜਾਪੁਰ ਦੇ ਨੈਸ਼ਨਲ ਪਾਰਕ ਖੇਤਰ ਵਿਚ ਹੋਏ ਮੁਕਾਬਲੇ ਵਿਚ ਹੁਣ ਤੱਕ 31 ਨਕਸਲੀ ਮਾਰੇ ਗਏ ਹਨ। ਇਸ ਦੇ ਨਾਲ ਹੀ 2 ਸੈਨਿਕ ਸ਼ਹੀਦ ਹੋ ਗਏ ਅਤੇ 2 ਸੈਨਿਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਰਾਏਪੁਰ ਭੇਜਿਆ ਗਿਆ ਹੈ।
ਅੱਜ ਸਵੇਰੇ ਡੀ. ਆਰ. ਜੀ., ਐਸ. ਟੀ. ਐਫ. ਅਤੇ ਬਸਤਰ ਫਾਈਟਰਸ ਦੀ ਸਾਂਝੀ ਟੀਮ ਅਤੇ ਨਕਸਲੀਆਂ ਵਿਚਕਾਰ ਇਕ ਮੁਕਾਬਲਾ ਹੋਇਆ। ਇਕ ਪੁਲਿਸ ਅਧਿਕਾਰੀ ਅਨੁਸਾਰ ਬੀਜਾਪੁਰ ਜ਼ਿਲ੍ਹੇ ਦੇ ਨੈਸ਼ਨਲ ਪਾਰਕ ਖੇਤਰ ਦੇ ਜੰਗਲਾਂ ਵਿਚ ਨਕਸਲੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ। ਇਸ ‘ਤੇ ਸੁਰੱਖਿਆ ਬਲਾਂ ਦੀ ਟੀਮ ਨਕਸਲ ਵਿਰੋਧੀ ਕਾਰਵਾਈ ‘ਤੇ ਨਿਕਲੀ।
ਇਸ ਦੌਰਾਨ ਐਤਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ। ਪੂਰਾ ਇਲਾਕਾ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਇਹ ਮੁਕਾਬਲਾ ਅਜੇ ਵੀ ਰੁਕ-ਰੁਕ ਕੇ ਜਾਰੀ ਹੈ। ਮੁਕਾਬਲੇ ਵਿਚ ਨਕਸਲੀਆਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਨਕਸਲੀਆਂ ਤੋਂ ਆਟੋਮੈਟਿਕ ਹਥਿਆਰ ਬਰਾਮਦ
ਬੀਜਾਪੁਰ-ਨਾਰਾਇਣਪੁਰ ਸਰਹੱਦ ‘ਤੇ ਐਤਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 31 ਨਕਸਲੀਆਂ ਨੂੰ ਮਾਰ ਦਿੱਤਾ। ਇਸ ਮੁਕਾਬਲੇ ਵਿੱਚ ਦੋ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਮੁਕਾਬਲੇ ਵਿੱਚ ਡੀਆਰਜੀ, ਐਸਟੀਐਫ ਅਤੇ ਮਹਾਰਾਸ਼ਟਰ ਦੇ ਸੀ-60 ਜਵਾਨ ਸ਼ਾਮਲ ਹਨ। ਮਾਰੇ ਗਏ ਨਕਸਲੀਆਂ ਤੋਂ ਕਈ ਆਟੋਮੈਟਿਕ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਮੁਕਾਬਲੇ ਵਿੱਚ ਦੋ ਸੈਨਿਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਉਹਨਾਂ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਭੇਜਿਆ ਗਿਆ ਹੈ।
ਨਕਸਲੀਆਂ ਦੀ ਮੌਜੂਦਗੀ ਬਾਰੇ ਮਿਲੀ ਸੀ ਜਾਣਕਾਰੀ
ਜਿਸ ਥਾਂ ‘ਤੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ, ਉਹ ਬੀਜਾਪੁਰ ਜ਼ਿਲ੍ਹੇ ਦਾ ਫਾਰਸੇਗੜ੍ਹ ਇਲਾਕਾ ਹੈ। ਇੱਥੇ ਨੈਸ਼ਨਲ ਪਾਰਕ ਦੇ ਜੰਗਲ ਨੂੰ ਨਕਸਲੀਆਂ ਦਾ ਸਰਗਰਮ ਗੜ੍ਹ ਮੰਨਿਆ ਜਾਂਦਾ ਹੈ। ਸੁਰੱਖਿਆ ਬਲਾਂ ਨੂੰ ਇਸ ਇਲਾਕੇ ਵਿਚ ਨਕਸਲੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ।
ਮਹਾਰਾਸ਼ਟਰ ਦੇ ਡੀਆਰਜੀ, ਐਸਟੀਐਫ ਅਤੇ ਸੀ-60 ਜਵਾਨਾਂ ਦੀ ਇਕ ਸਾਂਝੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਨਕਸਲੀਆਂ ਨੇ ਟੀਮ ‘ਤੇ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਚਾਰ ਜਵਾਨ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਸੈਨਿਕ ਸ਼ਹੀਦ ਹੋਏ ਹਨ। ਜਵਾਬੀ ਕਾਰਵਾਈ ਵਿੱਚ, 31 ਨਕਸਲੀ ਮਾਰੇ ਗਏ ਹਨ।