ਬਾਬਾ ਸਾਹਿਬ ਦੀ ਪ੍ਰਤਿਮਾ ਖੰਡਿਤ ਕਰਨ ਨੂੰ ਲੈਕੇ ਲੋਕਾਂ ਵਿਚ ਭਾਰੀ ਰੋਸ

ਬਾਬਾ ਸਾਹਿਬ ਲੋਕਾਂ ਦੇ ਦਿਲਾਂ ਵਿਚ ਵਸਦੇ ਹਨ, ਜਿਨ੍ਹਾਂ ਨੂੰ ਮਿਟਾਇਆ ਨਹੀਂ ਜਾ ਸਕਦਾ : ਦਰਸ਼ਨ ਕਾਂਗੜਾ

ਸੰਗਰੂਰ- ਬੀਤੇ ਦਿਨੀਂ ਜਦੋਂ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ, ਉਸੇ ਸਮੇਂ ਸ੍ਰੀ ਅੰਮ੍ਰਿਤਸਰ ਸਹਿਬ ਵਿਖੇ ਇਕ ਸਮਾਜ ਵਿਰੋਧੀ ਅਨਸਰ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰ ਕੇ ਕੀਤੀ ਬੇਅਦਬੀ ਦੀ ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਜ਼ੋਰਦਾਰ ਨਿੰਦਾ ਕੀਤੀ ਗਈ ਅਤੇ ਇਸ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਗਈ।

ਇਸ ਸਬੰਧੀ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰ ਕੇ ਕੀਤੀ ਬੇਅਦਬੀ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ, ਅਜਿਹੀ ਘਿਣੌਨੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਦਰਸ਼ਨ ਕਾਂਗੜਾ ਮਿਸ਼ਨ ਦੇ ਮੁੱਖ ਦਫਤਰ ਵਿਖੇ ਕਿਹਾ ਕਿ ਬਾਬਾ ਸਾਹਿਬ ਦਲਿਤਾਂ, ਪਛੜਿਆ ਅਤੇ ਮਹਿਲਾਵਾਂ ਦੇ ਮੁਕਤੀ ਦਾਤਾ ਹਨ, ਜਿਨ੍ਹਾਂ ਸਭਨਾਂ ਨੂੰ ਸੰਵਿਧਾਨ ਅੰਦਰ ਬਰਾਬਰਤਾ ਦੇ ਹੱਕ ਲੈਕੇ ਦਿੱਤੇ ਹਨ, ਜਿਸ ਸਦਕਾ ਬਾਬਾ ਸਾਹਿਬ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ, ਜਿਨ੍ਹਾਂ ਨੂੰ ਮਿਟਾਇਆ ਨਹੀਂ ਜਾ ਸਕਦਾ ਹੈ।

ਦਰਸ਼ਨ ਕਾਂਗੜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿਚ ਬਾਬਾ ਸਾਹਿਬ ਦਾ ਅਪਮਾਨ ਕੀਤਾ ਗਿਆ ਅਤੇ ਹੁਣ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਬਦੀ ਕੀਤੀ ਗਈ. ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਅਜਿਹੀਆਂ ਹਰਕਤਾਂ ਆਪਸੀ ਭਾਈਚਾਰਕ ਸਾਂਝ ਖਰਾਬ ਕਰਨ ਅਤੇ ਮਾਹੌਲ ਖਰਾਬ ਕਰਨ ਲਈ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਮੁੜ ਅਜਿਹੀ ਹਰਕਤ ਨਾ ਕਰ ਸਕੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਾਠਾਂ, ਰਣਜੀਤ ਸਿੰਘ ਹੈਪੀ, ਸੁਖਪਾਲ ਸਿੰਘ ਪੰਮਾਬੱਦੀ, ਹਰਜੀਤ ਸਿੰਘ ਸਹੋਤਾ, ਲਖਮੀਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *