ਨਸ਼ਾ ਸਮੱਗਲਿੰਗ ਵਿਚ ਸ਼ਾਮਲ 5 ਪਰਿਵਾਰ ਾਂ ਦੇ ਘਰਾਂ ’ਤੇ ਚੱਲਿਆ ਪੀਲਾ ਪੰਜਾ
ਕੋਟਕਪੂਰਾ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਅੱਜ ਕੋਟਕਪੂਰਾ ਵਿਚ ਫਰੀਦਕੋਟ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਕੀਤੀ। ਜਲਾਲੇਆਣਾ ਰੋਡ ’ਤੇ ਕਥਿਤ ਨਾਜਾਇਜ਼ ਉਸਾਰੀਆਂ ’ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚਲਿਆ।
ਇਸ ਸਬੰਧੀ ਐੱਸ. ਡੀ. ਐੱਮ. ਕੋਟਕਪੂਰਾ ਵਰਿੰਦਰ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਦੇ ਜਲਾਲੇਆਣਾ ਰੋਡ ’ਤੇ ਕਈ ਲੋਕਾਂ ਨੇ ਨਾਜਾਇਜ਼ ਉਸਾਰੀਆਂ ਕੀਤੀਆ ਹੋਈਆਂ ਸਨ, ਜਿਨ੍ਹਾਂ ਨੂੰ ਹਟਾਏ ਜਾਣ ਸਬੰਧੀ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਵੱਲੋਂ ਇਹ ਨਾਜਾਇਜ਼ ਉਸਾਰੀਆਂ ਹਟਾਈਆਂ ਨਹੀਂ ਗਈਆਂ, ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਹੈ ਕਿ ਇਹ ਨਾਜਾਇਜ਼ ਉਸਾਰੀਆਂ ਕਰਨ ਵਾਲੇ 5 ਪਰਿਵਾਰ ਨਸ਼ਾ ਸਮੱਗਲਿੰਗ ਵਿਚ ਵੀ ਸ਼ਾਮਲ ਸਨ ਅਤੇ ਉਨ੍ਹਾਂ ਵਿਰੁੱਧ ਕਈ ਮੁਕੱਦਮੇ ਵੀ ਦਰਜ ਹਨ। ਇਸ ਲਈ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਤਹਿਤ ਅੱਜ ਇਨ੍ਹਾਂ ਦੀ ਨਿਸ਼ਾਨਦੇਹੀ ਕਰ ਕੇ ਉਕਤ ਨਾਜਾਇਜ਼ ਕਬਜ਼ਿਆ ਨੂੰ ਹਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ੍ਹ 5 ਘਰਾਂ ਨੂੰ ਢਾਹਿਆ ਗਿਆ ਹੈ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਅਜਿਹੇ ਹੋਰ ਵੀ ਲੋਕਾਂ ਵਿਰੁੱਧ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਨਗਰ ਕੌਂਸਲ ਕੋਟਕਪੂਰਾ ਦੀ ਜਗ੍ਹਾ ’ਤੇ 5 ਘਰਾਂ ਨੇ ਨਾਜਾਇਜ਼ ਉਸਾਰੀ ਕੀਤੀ ਹੋਈ ਸੀ ਅਤੇ ਇਹਨਾਂ ਖਿਲਾਫ ਐਨਡੀਪੀਐਸ ਤਹਿਤ ਮੁਕੱਦਮੇਂ ਦਰਜ ਸਨ ।ਉਹਨਾਂ ਦੱਸਿਆ ਕਿ ਇਥੇ ਰਹਿਣ ਵਾਲੀ ਇਕ ਲੇਡੀਜ ਲੱਜਾ, ਸ਼ਿਕੰਦਰ, ਅਤੇ ਕੁਝ ਹੋਰ ਲੋਕਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਈ ਕਈ ਮੁਕਦਮੇਂ ਦਰਜ ਸਨ, ਜਿੰਨਾਂ ਦੇ ਘਰਾਂ ਨੂੰ ਅੱਜ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਤਹਿਤ ਢਾਹਿਆ ਗਿਆ ਹੈ।
ਉਨ੍ਹਾਂ ਨੇ ਨਸ਼ਾ ਸਮੱਗਲਰਾਂ ਨੰੂ ਸਿੱਧੇ ਤੌਰ ’ਤੇ ਕਿਹਾ ਕਿ ਪਹਿਲਾਂ ਤੁਸੀਂ ਕਈ ਮਾਂਵਾਂ ਦੇ ਪੁੱਤ ਮਾਰ ਦਿੱਤੇ ਹੁਣ ਤੁਹਾਡੀ ਵਾਰੀ ਹੈ ਅਤੇ ਜੇਕਰ ਤੁਸੀ ਇਹ ਕੰਮ ਨਾਂ ਛੱਡਿਆ ਤਾਂ ਅਗਲੀ ਵਾਰੀ ਤੁਹਾਡੀ ਹੈ। ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਮੁਹਲਾ ਵਾਸੀਆ ਵੱਲੋਂ ਸਰਾਹਿਆ ਗਿਆ। ਲੋਕਾਂ ਨੇ ਕਿਹਾ ਕਿ ਸਰਕਾਰ ਨੇ ਬਹੁਤ ਵਧੀਆ ਕਦਮ ਉਠਾਇਆ ਹੈ, ਜੋ ਲੋਕ ਲਗਾਤਾਰ ਨਸ਼ੇ ਵੇਚ ਕੇ ਲੋਕਾਂ ਦੇ ਘਰ ਬਰਬਾਦ ਕਰ ਰਹੇ ਹਨ ਅਤੇ ਆਪਣੇ ਘਰ ਉਸਾਰ ਰਹੇ ਹਨ ਅੱਜ ਉਹਨਾਂ ਦੇ ਘਰਾਂ ਨੂੰ ਮਿੱਟੀ ਵਿਚ ਮਲਾਇਆ ਗਿਆ ਹੈ।
