ਪੰਜਾਬ ਸਰਕਾਰ ਨੇ ਮਾਲ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਹੈ ਅਤੇ 58 ਤਹਿਸੀਲਦਾਰਾਂ ਅਤੇ 177 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਮਾਲ ਅਧਿਕਾਰੀਆਂ ਦੀ ਹੜਤਾਲ ਤੋਂ ਬਾਅਦ ਪੰਜਾਬ ਸਰਕਾਰ ਨੇ ਦੇਰ ਸ਼ਾਮ 14 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ। ਸਰਕਾਰ ਨੇ ਬੁੱਧਵਾਰ ਨੂੰ ਤਬਾਦਲੇ ਦੇ ਹੁਕਮ ਜਾਰੀ ਕੀਤੇ।


ਸਮੂਹਿਕ ਛੁੱਟੀ ‘ਤੇ ਚਲੇ ਗਏ ਸਨ ਮਾਲ ਅਧਿਕਾਰੀ
ਪੰਜਾਬ ਦੇ ਮਾਲ ਅਧਿਕਾਰੀ (ਤਹਿਸੀਲਦਾਰ) ਮੰਗਲਵਾਰ ਸਵੇਰੇ ਸਮੂਹਿਕ ਛੁੱਟੀ ‘ਤੇ ਚਲੇ ਗਏ। ਤਹਿਸੀਲਾਂ ਵਿਚ ਰਜਿਸਟਰੀ ਅਤੇ ਜਾਇਦਾਦ ਨਾਲ ਸਬੰਧਤ ਸੇਵਾਵਾਂ ਦਾ ਨਿਰੀਖਣ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੈਦਾਨ ਵਿਚ ਆਏ ਅਤੇ ਖਰੜ, ਬਨੂੜ ਅਤੇ ਜ਼ੀਰਕਪੁਰ ਤਹਿਸੀਲਾਂ ਦਾ ਦੌਰਾ ਕੀਤਾ।
ਸੀ. ਐੱਮ. ਮਾਨ ਨੇ ਸਖ਼ਤ ਹੁਕਮ ਜਾਰੀ ਕਰ ਕੇ ਕਿਹਾ ਸੀ ਕਿ ਜੇਕਰ ਮਾਲ ਅਧਿਕਾਰੀ ਸ਼ਾਮ 5 ਵਜੇ ਤੱਕ ਡਿਊਟੀ ‘ਤੇ ਵਾਪਸ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਜਾਣਗੇ। ਇਸ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ‘ਤੇ ਵਾਪਸ ਨਹੀਂ ਆਏ, ਉਨ੍ਹਾਂ ਨੂੰ ਆਪਣੇ ਆਪ ਨੂੰ ਮੁਅੱਤਲ ਦੇ ਅਧੀਨ ਸਮਝਣਾ ਚਾਹੀਦਾ ਹੈ। ਚਿਤਾਵਨੀਆਂ ਦੇ ਬਾਵਜੂਦ ਕੰਮ ‘ਤੇ ਨਾ ਪਰਤੇ 14 ਅਜਿਹੇ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਸੀ. ਐੱਮ. ਮਾਨ ਨੇ ਕਿਹਾ ਸੀ ਕਿ ਜੇਕਰ ਤਹਿਸੀਲਦਾਰ ਸਮੂਹਿਕ ਛੁੱਟੀ ‘ਤੇ ਜਾਂਦੇ ਹਨ ਤਾਂ ਕਿਸੇ ਵੀ ਤਹਿਸੀਲ ਵਿਚ ਕੋਈ ਕੰਮ ਨਹੀਂ ਰੁਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਾਨੂੰਨਗੋ ਅਤੇ ਨਾਇਬ ਤਹਿਸੀਲਦਾਰਾਂ ਨੂੰ ਡਿਊਟੀ ‘ਤੇ ਲਗਾ ਦਿੱਤਾ ਹੈ। ਜੇਕਰ ਲੋੜ ਪਈ ਤਾਂ ਕਲਰਕਾਂ ਅਤੇ ਮਾਸਟਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ ਪਰ ਤਹਿਸੀਲਦਾਰਾਂ ਦੀਆਂ ਮੰਗਾਂ ਨਾਲ ਉਨ੍ਹਾਂ ਦੇ ਸਾਥੀਆਂ ਵਿਰੁੱਧ ਦਰਜ ਕੀਤੇ ਜਾ ਰਹੇ ਕੇਸਾਂ ਜਾਂ ਕਾਰਵਾਈ ਨੂੰ ਨਹੀਂ ਰੋਕਿਆ ਜਾਵੇਗਾ।




14 ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਕੀਤੇ ਜਾ ਚੁੱਕੇ ਹਨ ਮੁਅੱਤਲ
ਪੰਜਾਬ ਸਰਕਾਰ ਨੇ ਬੀਤੀ ਦੇਰ ਰਾਤ ਸਮੂਹਿਕ ਛੁੱਟੀ ‘ਤੇ ਗਏ ਪੰਜ ਤਹਿਸੀਲਦਾਰਾਂ ਅਤੇ ਨੌਂ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਕੀਤੇ ਗਏ ਮਾਲ ਅਧਿਕਾਰੀਆਂ ਵਿੱਚ ਜ਼ਿਲ੍ਹਾ ਮੋਗਾ ਦੇ ਬਾਘਾਪੁਰਾਣਾ ਦੇ ਤਹਿਸੀਲਦਾਰ ਗੁਰਮੁਖ ਸਿੰਘ, ਨਾਇਬ ਤਹਿਸੀਲਦਾਰ ਭੀਮ ਸੈਨ, ਸਮਾਲਸਰ ਦੇ ਨਾਇਬ ਤਹਿਸੀਲਦਾਰ ਅਮਰਪ੍ਰੀਤ ਸਿੰਘ, ਧਰਮਕੋਟ ਦੇ ਨਾਇਬ ਤਹਿਸੀਲਦਾਰ ਰਮੇਸ਼ ਢੀਂਗਰਾ, ਬਰਹਣੀ ਕਲਾਂ ਦੇ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ, ਨਿਹਾਲ ਸਿੰਘ ਵਾਲਾ ਦੇ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਫਿਰੋਜ਼ਪੁਰ ਦੇ ਗੁਰੂਹਰਸਹਾਏ ਦੇ ਤਹਿਸੀਲਦਾਰ ਰਜਿੰਦਰ ਸਿੰਘ, ਫਿਰੋਜ਼ਪੁਰ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਤਹਿਸੀਲਦਾਰ ਜਤਿੰਦਰਪਾਲ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ, ਬਰੀਵਾਲਾ ਦੇ ਤਹਿਸੀਲਦਾਰ ਪਰਮਿੰਦਰ ਸਿੰਘ, ਗਿੱਦੜਬਾਹਾ ਦੇ ਤਹਿਸੀਲਦਾਰ ਕੰਵਲਦੀਪ ਸਿੰਘ ਬਰਾੜ, ਗਿੱਦੜਬਾਹਾ ਦੇ ਨਾਇਬ ਤਹਿਸੀਲਦਾਰ ਅੰਮ੍ਰਿਤਾ ਅਗਰਵਾਲ ਅਤੇ ਦੋਦਾ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਸ਼ਾਮਲ ਹਨ।
ਇਹ ਹੁਕਮ ਮੰਗਲਵਾਰ ਦੇਰ ਰਾਤ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਜਾਰੀ ਕੀਤਾ। ਇਨ੍ਹਾਂ ਮਾਲ ਅਧਿਕਾਰੀਆਂ ਨੂੰ ਡਿਊਟੀ ਤੋਂ ਗੈਰਹਾਜ਼ਰ ਰਹਿਣ ਕਾਰਨ ਪੰਜਾਬ ਸਿਵਲ ਸੇਵਾਵਾਂ ਨਿਯਮ, 1970 ਦੇ ਨਿਯਮ 8 ਤਹਿਤ ਮੁਅੱਤਲ ਕੀਤਾ ਗਿਆ ਸੀ।
