ਸ਼ਹਿਰ ’ਚ ਮੋਟਰਸਾਈਕਲ ਮਾਰਚ ਕਰ ਕੇ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ -ਕਿਸਾਨਾਂ ’ਤੇ ਪੁਲਸ ਵੱਲੋਂ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਤੱਕ ਰੋਸ ਮਾਰਚ ਕਰ ਕੇ ਦਫਤਰ ਅੱਗੇ ਅਣਮਿਥੇ ਸਮੇਂ ਲਈ ਮੋਰਚਾ ਸ਼ੁਰੂ ਕਰ ਦਿੱਤਾ ਗਿਆ।
ਇਸ ਮੌਕੇ ਸੂਬਾ ਕਿਸਾਨ ਆਗੂ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ, ਹਰਵਿੰਦਰ ਸਿੰਘ ਮਾਸਣੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਪੁਲਸ ਦੀਆਂ ਧਾੜਾਂ, ਹਥਿਆਰਾਂ ਤੇ ਸਾਜੋ ਸਮਾਨ ਨਾਲ ਲੈਸ ਹੋ ਕੇ ਬਿਨਾਂ ਜ਼ਮੀਨਾਂ ਦਾ ਮੁਆਵਜ਼ਾ ਦਿੱਤੇ ਕਬਜ਼ਾ ਕਰਨ ਦੀ ਨੀਯਤ ਨਾਲ ਕਿਸਾਨਾਂ ’ਤੇ ਅੰਨਾ ਤਸ਼ੱਦਦ ਕੀਤਾ ਹੈ ਇਹ ਇਕ ਨਵੇਂ ਕਾਲੇ ਯੁੱਗ ਦਾ ਆਗਾਜ਼ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭੂਮੀ ਗ੍ਰਹਿਣ ਐਕਟ 2013 ਦੀ ਘੋਰ ਉਲੰਘਣਾ ਕੀਤੀ ਹੈ। ਇਸ ਐਕਟ ਵਿਚ ਸਾਫ ਲਿਖਿਆ ਹੈ ਕਿ ਕਿਸੇ ਵੀ ਪ੍ਰਾਜੈਕਟ ਲਈ ਜੇਕਰ ਸਰਕਾਰ ਜ਼ਮੀਨ ਅੈਕਆਇਰ ਕਰਦੀ ਹੈ ਤਾਂ ਕਿਸਾਨਾਂ ਦੀ 70 ਫੀਸਦੀ ਸਹਿਮਤੀ ਜ਼ਰੂਰੀ ਹੈ। ਜੇਕਰ ਕਿਸਾਨ ਸਹਿਮਤੀ ਦਿੰਦੇ ਹਨ ਤਾਂ ਜ਼ਮੀਨ ਦਾ ਮਾਰਕੀਟ ਰੇਟ ਤੋਂ ਚਾਰ ਗੁਣਾ ਵੱਧ ਮੁਆਵਜ਼ਾ ’ਤੇ 30 ਫੀਸਦੀ ਉਜਾੜਾ ਪੱਤਾ ਤੇ ਨਾਲ ਹੀ ਮਜ਼ਦੂਰਾਂ ਦੁਕਾਨਦਾਰਾਂ ਤੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵ ਦਾ ਸਰਵੇ ਕਰਵਾਉਣਾ ਜ਼ਰੂਰੀ ਹੈ ਪਰ ਇਹ ਵਿਨਾਸ਼ਕਾਰੀ ਪ੍ਰਾਜੈਕਟ ਕੋਈ ਵੀ ਸ਼ਰਤ ਪੂਰੀ ਨਹੀਂ ਕਰਦਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਜ਼ਿਲਾ ਗੁਰਦਾਸਪੁਰ ਵਿਚ ਬਿਨਾਂ ਮੁਆਵਜ਼ੇ ਦਿੱਤੇ ਜ਼ਮੀਨਾਂ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਸਮੇਂ ਕੀਤੀ ਗਈ ਸਰਕਾਰੀ ਹਿੰਸਾ ਅਤੇ ਫ਼ਸਲਾਂ ਦੇ ਕੀਤੇ ਗਏ ਉਜਾੜੇ ਖਿਲਾਫ ਗੁਰਦਾਸਪੁਰ ਡੀ. ਸੀ. ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ।
ਕਿਸਾਨ ਆਗੂਆ ਨੇ ਮੰਗ ਕਰਦਿਆਂ ਕਿਹਾ ਕਿ ਗੁਰਦਾਸਪੁਰ ਜ਼ਿਲੇ ’ਚ ਭਾਰਤ ਮਾਲਾ ਪ੍ਰਾਜੈਕਟ ਅਧੀਨ ਗੈਰ ਕਾਨੂੰਨੀ ਢੰਗ ਨਾਲ ਐਕਵਾਇਰ ਕੀਤੀ ਜ਼ਮੀਨ ਦਾ ਨੋਟੀਫਿਕੇਸ਼ਨ ਰੱਦ ਕਰ ਕੇ ਭੂਮੀ ਗ੍ਰਹਿਣ ਐਕਟ 2013 ਅਨੁਸਾਰ 70 ਫੀਸਦੀ ਪਿੰਡਾਂ ਦੇ ਲੋਕਾਂ ਦੀ ਸਹਿਮਤੀ ਲੈਣ ਅਤੇ ਮਜ਼ਦੂਰਾਂ, ਦੁਕਾਨਦਾਰਾਂ, ਵਾਤਾਵਰਣ ਅਤੇ ਹੋਰ ਪੈਣ ਵਾਲੇ ਪ੍ਰਭਾਵਾਂ ਦਾ ਹੱਲ ਕੱਢ ਕੇ ਬਜ਼ਾਰੀ ਰੇਟ ਨਾਲੋ 4 ਗੁਣਾਂ ਤੇ ਇਸ ਉਤੇ 30 ਫੀਸਦੀ ਉਜਾੜਾ ਭੱਤਾ ਦੇਕੇ ਜ਼ਮੀਨ ਲਈ ਜਾਵੇ ਤੇ ਇਹਨਾਂ ਮੱਦਾਂ ਨੂੰ ਪੂਰੇ ਪੰਜਾਬ ਵਿਚ ਲਾਗੂ ਕੀਤਾ ਜਾਵੇ।
11 ਮਾਰਚ ਨੂੰ ਤਹਿਸੀਲ ਬਟਾਲਾ ਦੇ ਪਿੰਡ ਭਰਥ ਤੇ ਨੰਗਲ ਦੇ ਕਿਸਾਨਾਂ ਦੀ ਬਿਨਾਂ ਮੁਆਵਜ਼ਾ ਦਿੱਤੇ ਕਣਕ ਦੀ ਫ਼ਸਲ ਵਾਹੁਣ ਤੇ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਕਰ ਕੇ 7 ਕਿਸਾਨਾਂ ਨੂੰ ਜ਼ਖ਼ਮੀ ਕਰਨ ਵਾਲੇ ਦੋਸ਼ੀ ਪੁਲਸ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਨਸ਼ਟ ਕੀਤੀ ਫ਼ਸਲ ਤੇ ਜ਼ਖ਼ਮੀ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਥਾਣਾ ਹਰਗੋਬਿੰਦਪੁਰ ਵਿਚ ਕਿਸਾਨਾਂ ’ਤੇ ਕੀਤੇ ਪਰਚੇ ਰੱਦ ਕੀਤੇ ਜਾਣ।
ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਦੌਰਾਨ ਸ਼ੰਭੂ ਮੋਰਚੇ ਵਿਚ ਸ਼ਹੀਦ ਹੋਏ ਕਿਸਾਨ ਸੁਖਵਿੰਦਰ ਸਿੰਘ ਪਿੰਡ ਰੰਘੜ ਨੰਗਲ ਤਹਿਸ਼ੀਲ ਬਟਾਲਾ ਤੇ ਸ਼ਹੀਦ ਹਰਜਿੰਦਰ ਸਿੰਘ ਪਿੰਡ ਵਰਸੋਲਾ ਤਹਿਸ਼ੀਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਵਾਰ ਨੂੰ ਮੰਨੀ ਹੋਈ ਮੰਗ ਮੁਤਾਬਕ 5 ਲੱਖ ਦਾ ਮੁਆਵਜ਼ਾ ਤੇ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਤੇ ਉਹਨਾਂ ਦਾ ਸਮੁੱਚਾ ਕਰਜ਼ਾ ਪੰਜਾਬ ਸਰਕਾਰ ਦੇਵੇ।
ਗੁਰਦਾਸਪੁਰ ਜ਼ਿਲੇ ਵਿਚ ਨਿੱਜੀ ਤੇ ਸਰਕਾਰੀ ਗੰਨਾ ਮਿੱਲਾਂ, ਗੰਨਾ ਐਕਟ ਅਨੁਸਾਰ 14 ਦਿਨਾਂ ਬਾਅਦ ਪੇਮੈਂਟ ਕਰਨ ਤੋਂ ਲੇਟ ਹੋਣ ’ਤੇ ਹਾਈਕੋਰਟ ਦੇ ਫ਼ੈਸਲੇ ਅਨੁਸਾਰ 15 ਫੀਸਦੀ ਵਿਆਜ਼ ਦਿੱਤਾ ਜਾਵੇ, ਪੰਜਾਬ ਸਰਕਾਰ ਗੰਨੇ ਦਾ 61-50 ਪੈਸੇ ਪ੍ਰਤੀ ਕੁਇੰਟਲ ਬਣਦੀ ਰਾਸ਼ੀ ਤੁਰੰਤ ਗੰਨਾ ਮਿੱਲਾਂ ਨੂੰ ਜਾਰੀ ਕੀਤੀ ਜਾਵੇ।
ਇਸ ਮੌਕੇ ਹਰਜੀਤ ਕੌਰ, ਸੁਖਦੇਵ ਕੌਰ, ਹਰਭਜਨ ਸਿੰਘ, ਗੁਰਮੁਖ ਸਿੰਘ ,ਸੁਖਜਿੰਦਰ ਸਿੰਘ,ਨਿਸ਼ਾਨ ਸਿੰਘ , ਝਿਲਮਿਲ ਸਿੰਘ ਬਜ਼ੁਮਾਨ, ਕੰਵਲਜੀਤ ਸਿੰਘ, ਮਾਸਟਰ ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਖਾਨਪੁਰ, ਸੁਖਵਿੰਦਰ ਸਿੰਘ ਅਲਾਰਪਿੰਡੀ, ਅਨੂਪ ਸਿੰਘ ਸੁਲਤਾਨੀ, ਸੁਖਜਿੰਦਰ ਸਿੰਘ, ਗੁਰਪ੍ਰੀਤ ਨਾਨੋਵਾਲ, ਬਲਦੇਵ ਸਿੰਘ, ਹਰਜੀਤ ਸਿੰਘ ਲੀਲਾ ਕਲਾਂ, ਹਰਚਰਨ ਸਿੰਘ ਅਤੇ ਹੋਰ ਵੱਖ-ਵੱਖ ਕਿਸਾਨ ਆਗੂ ਕਾਫਲੇ ਲੈਕੇ ਮੋਰਚੇ ’ਚ ਪਹੁੰਚੇ।
