ਮਲੋਟ- ਸਿਟੀ ਮਲੋਟ ਪੁਲਸ ਨੇ ਇਕ ਗਊੂਆਂ ਨਾਲ ਭਰਿਆ ਟਰੱਕ ਫੜਿਆ ਹੈ। ਇਸ ਮਾਮਲੇ ’ਚ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 14 ਗਊੂਆਂ ਬਰਾਮਦ ਕੀਤੀਆਂ। ਪੁਲਸ ਨੇ ਇਸ ਮਾਮਲੇ ’ਚ 4 ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਗਊੂਆਂ ਨੂੰ ਮਲੋਟ ਦੀ ਇਕ ਗਊਸ਼ਾਲਾ ’ਚ ਛੱਡ ਦਿੱਤਾ ਹੈ।

ਇਸ ਸਬੰਧੀ ਸਿਟੀ ਮਲੋਟ ਦੇ ਮੁੱਖ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਗਊ ਸੁਰਕਸ਼ਾ ਸੇਵਾ ਦਲ ਦੇ ਸੰਦੀਪ ਕੁਮਾਰ ਪੁੱਤਰ ਰਵਿੰਦਰ ਰਵਿੰਦਰ ਨਾਥ ਵਾਸੀ ਰਾਮਪੁਰ ਫੂਲ ਨੇ ਸੂਚਨਾ ਦਿੱਤੀ ਕਿ ਗਊ ਤਸਕਰੀ ਦੇ ਧੰਦੇ ’ਚ ਜੁੜੇ ਗੁਰਮੇਲ ਸਿੰਘ ਬੱਬੂ ਪਿੰਡ ਢੈਪਈ ਜ਼ਿਲਾ ਫਰੀਦਕੋਟ ਆਪਣੇ ਤਿੰਨ ਹੋਰ ਸਾਥੀਆਂ ਮੰਗਲ ਸਿੰਘ ਲੁਧਿਆਣਾ, ਮੁਹੰਮਦ ਅਸਾਨ ਉਤਰ ਪ੍ਰਦੇਸ਼, ਪੰਚਦੇਵ ਪਾਸਵਾਨ ਬਿਹਾਰ ਸਮੇਤ ਕੋਟਕਪੂਰਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ’ਚੋਂ ਬੇਸਹਾਰਾ ਘੁੰਮਦੇ ਗਊਧਨ ਨੂੰ ਬਾਹਰਲੇ ਸੂਬਿਆਂ ਦੇ ਬੁੱਚੜਖਾਨਿਆਂ ’ਚ ਭੇਜਦੇ ਹਨ। ਅੱਜ ਵੀ ਉਕਤ ਵਿਅਕਤੀ ਕੋਟਕਪੂਰਾ ਸਾਈਡ ਤੋਂ 10 ਚੱਕੀ ਟਰੱਕ ’ਚ ਬੇਰਹਿਮੀ ਨਾਲ ਬੰਨ੍ਹ ਕੇ ਮੁਕਤਸਰ ਸਾਹਿਬ ਤੋਂ ਵਾਇਆ ਮਲੋਟ, ਡੱਬਵਾਲੀ ਰਸਤੇ ਬਾਹਰਲੇ ਸੂਬੇ ਦੇ ਬੁਚੜਖਾਨੇ ਜਾ ਰਹੇ ਹਨ।
ਸੂਚਨਾ ਮਿਲਣ ਤੋਂ ਬਾਅਦ ਸਿਟੀ ਮਲੋਟ ਦੀ ਪੁਲਸ ਨੇ ਮਲੋਟ-ਡੱਬਵਾਲੀ ਰੋਡ ’ਤੇ ਸਥਿਤ ਫੋਕਲ ਪੁਆਇੰਟ ਕੋਲ ਨਾਕਾਬੰਦੀ ਕਰ ਕੇ ਮੰਗਲ ਸਿੰਘ, ਮਹੁੰਮਦ ਅਸਾਨ ਤੇ ਪੰਚਦੇਵ ਨੂੰ ਟਰੱਕ ਸਮੇਤ ਕਾਬੂ ਕੀਤਾ, ਟਰੱਕ ’ਚ 14 ਗਊਆਂ ਨੂੰ ਬੇਰਹਿਮੀ ਨਾਲ ਬੰਨ੍ਹਿਆ ਹੋਇਆ ਸੀ। ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈਕੇ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੇ ਗਊਆਂ ਨੂੰ ਸੰਭਾਲ ਲਈ ਮਲੋਟ ਦੀ ਮਹਾਂਵੀਰ ਗਊਸ਼ਾਲਾ ’ਚ ਛੱਡਿਆ ਗਿਆ। ਪੁਲਸ ਇਸ ਮਾਮਲੇ ’ਚ ਮੁੱਖ ਸਮੱਗਲਰ ਗੁਰਮੇਲ ਸਿੰਘ ਬੱਬੂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਗੁਰਮੇਲ ਸਿੰਘ ਵਿਰੁੱਧ ਪਹਿਲਾਂ ਵੀ ਮਾਮਲੇ ਦਰਜ ਹਨ।