ਅੰਮ੍ਰਿਤਸਰ : -ਪੰਜਾਬ ਦੇ ਗੱਭਰੂਆਂ ਦੀ ਜ਼ਿੰਦਗੀ ’ਚ ਨਸ਼ਿਆਂ ਦਾ ਜ਼ਹਿਰ ਘੋਲਣ ਵਾਲੇ ਮਾੜੇ ਅਨਸਰ ਬਖਸ਼ੇ ਨਹੀਂ ਜਾਣਗੇ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ ਬੁਲਡੋਜ਼ਰ ਚਲਾਇਆ ਜਾਵੇਗਾ।
ਇਹ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟ੍ਰੇਡ ਵਿੰਗ ਪੰਜਾਬ ਦੇ ਜੁਅਾਇੰਟ ਸੈਕਟਰੀ ਹਰਪ੍ਰੀਤ ਸਿੰਘ ਆਹਲੂਵਾਲੀਆ, ਮਹਿਲਾ ਵਿੰਗ ਪੰਜਾਬ ਦੇ ਜੁਅਾਇੰਟ ਸੈਕਟਰੀ ਮੈਡਮ ਕਸ਼ਮੀਰ ਕੌਰ ਤੇ ਜੁਅਾਇੰਟ ਸੈਕਟਰੀ ਪੰਜਾਬ ਮੈਡਮ ਅਮਰਦੀਪ ਕੌਰ ਸੰਧੂ ਨਾਲ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਖਾਤਮੇ ਲਈ ਸਖਤੀ ਨਾਲ ਵਿੱਢੀ ਗਈ ਮੁਹਿੰਮ ਕਾਰਨ ਮਾੜੇ ਅਨਸਰਾਂ ਨੂੰ ਹੁਣ ਪੰਜਾਬ ’ਚ ਲੁਕਣ ਲਈ ਜਗ੍ਹਾ ਵੀ ਨਹੀਂ ਮਿਲ ਰਹੀ।
ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਮੂਹ ਪੰਜਾਬੀਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਰਕਾਰ ਦੀ ਨਸ਼ਿਆਂ ਖਿਲਾਫ ਇਸ ਮੁਹਿੰਮ ’ਚ ਸਹਿਯੋਗ ਕਰਨਾ ਚਾਹੀਦਾ ਹੈ।
ਉਨ੍ਹਾਂ ਸਖਤ ਤਾੜਨਾ ਕਰਦਿਆਂ ਆਖਿਆ ਕਿ ਜੇਕਰ ਕਿਸੇ ਪੁਲਸ ਅਧਿਕਾਰੀ ਜਾਂ ਮੁਲਾਜ਼ਮ ਦੀ ਨਸ਼ਾ ਸਮੱਗਲਰਾਂ ਨਾਲ ਗੰਢਤੁੱਪ ਨਜ਼ਰ ਆ ਗਈ ਤਾਂ ਉਸ ਨੂੰ ਸਿੱਧਾ ਡਿਸਮਿਸ ਕੀਤਾ ਜਾਵੇਗਾ। ਮੁੜ ਨੌਕਰੀ ਲਈ ਕੋਈ ਅਪੀਲ ਦਲੀਲ ਨਹੀਂ ਸੁਣੀ ਜਾਵੇਗੀ।
