ਸਾਹਨੇਵਾਲ- ਪਿੰਡਾਂ ’ਚ ਭੁੱਕੀ ਸਪਲਾਈ ਕਰ ਕੇ ਮੋਟਾ ਮੁਨਾਫਾ ਕਮਾਉਣ ਵਾਲੇ ਪਤੀ-ਪਤਨੀ ਨੂੰ ਥਾਣਾ ਕੂੰਮ ਕਲਾਂ ਦੀ ਪੁਲਸ ਨੇ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ।
ਥਾਣਾ ਮੁਖੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੁਲਸ ਨੂੰ ਗੁਪਤ ਸੂਚਨਾਵਾਂ ਮਿਲ ਰਹੀਅਾਂ ਸਨ ਕਿ ਇਕ ਜੋੜਾ ਥਾਣਾ ਕੂੰਮ ਕਲਾਂ ਦੀ ਹੱਦ ਨਾਲ ਲਗਦੇ ਪਿੰਡਾਂ ’ਚ ਭੁੱਕੀ ਦੀ ਸਪਲਾਈ ਕਰ ਕੇ ਮੋਟਾ ਮੁਨਾਫਾ ਕਮਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੁਲਸ ਰਤਨਗੜ੍ਹ ਦੇ ਕੱਟ ’ਤੇ ਨਾਕਾਬੰਦੀ ਦੌਰਾਨ ਮੌਜੂਦ ਸੀ। ਇਸ ਵੇਲੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਅੱਜ ਉਹ ਭੁੱਕੀ ਸਪਲਾਈ ਕਰਨ ਲਈ ਪਿੰਡ ਮਿਆਣੀ ਸਾਈਡ ਨੂੰ ਜਾ ਰਹੇ ਹਨ। ਇਸ ’ਤੇ ਪੁਲਸ ਪਾਰਟੀ ਨੇ ਤੁਰੰਤ ਰੇਡ ਕਰ ਕੇ ਔਰਤ ਨੂੰ ਮੌਕੇ ਤੋਂ 9 ਕਿਲੋ 200 ਗ੍ਰਾਮ ਭੁੱਕੀ ਸਮੇਤ ਗ੍ਰਿਫਤਾਰ ਕਰ ਲਿਆ, ਜਦੋਂਕਿ ਉਸ ਦਾ ਪਤੀ ਮੌਕੇ ਤੋਂ ਫਰਾਰ ਹੋਣ ’ਚ ਸਫਲ ਰਿਹਾ ਪਰ ਬਾਅਦ ’ਚ ਪੁਲਸ ਨੇ ਛਾਪਾ ਮਾਰ ਕੇ ਪਤੀ ਨੂੰ ਵੀ ਕਾਬੂ ਕਰ ਲਿਆ।
ਮੁਲਜ਼ਮਾਂ ਦੀ ਪਛਾਣ ਸੰਦੀਪ ਕੌਰ ਪਤਨੀ ਨਰਿੰਦਰ ਸਿੰਘ ਅਤੇ ਨਰਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਚੌਂਤਾ ਲੁਧਿਆਣਾ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਹੈ।
