ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ’ਤੇ ਕਾਰਵਾਈ ਦੇ ਹਿੱਸੇ ਵਜੋਂ ਭਾਰਤੀਆਂ ਸਮੇਤ ਲਗਭਗ 300 ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਇਨ੍ਹਾਂ ਜਲਾਵਤਨੀਆਂ ਨੂੰ ਪਨਾਮਾ ਦੇ ਇਕ ਹੋਟਲ ਵਿਚ ਰੱਖਿਆ ਗਿਆ ਹੈ, ਜਿੱਥੋਂ ਉਹ ਕਾਗਜ਼ ’ਤੇ ਲਿਖੇ ਸੰਦੇਸ਼ਾਂ ਰਾਹੀਂ ਮਦਦ ਦੀ ਅਪੀਲ ਕਰ ਰਹੇ ਹਨ।
ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਕਈ ਫੋਟੋਆਂ ਵਾਇਰਲ ਹੋਈਆਂ ਹਨ, ਜਿਸ ਵਿਚ ਜਲਾਵਤਨ ਪਨਾਮਾ ਸਿਟੀ ਦੇ ਡੇਕਾਪੋਲਿਸ ਹੋਟਲ ਦੀਆਂ ਖਿੜਕੀਆਂ ’ਤੇ ਖੜ੍ਹੇ ਹਨ, ਜਿਨ੍ਹਾਂ ’ਤੇ ਸੁਨੇਹੇ ਲਿਖੇ ਹੋਏ ਹਨ – ‘ਕਿਰਪਾ ਕਰ ਕੇ ਸਾਡੀ ਮਦਦ ਕਰੋ’ ਅਤੇ ‘ਅਸੀਂ ਆਪਣੇ ਦੇਸ਼ ਵਿਚ ਸੁਰੱਖਿਅਤ ਨਹੀਂ ਹਾਂ’।
ਪਨਾਮਾ ਦੇ ਅਧਿਕਾਰੀ ਸਬੰਧਤ ਦੇਸ਼ਾਂ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ ਤਾਂ ਜੋ ਡਿਪੋਰਟ ਕੀਤੇ ਗਏ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਿਆ ਜਾ ਸਕੇ ਅਤੇ ਇਸ ਸਬੰਧ ਵਿਚ ਉਨ੍ਹਾਂ ਨੇ ਭਾਰਤੀ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ। ਪਨਾਮਾ ਵਿਚ ਭਾਰਤੀ ਦੂਤਾਵਾਸ ਨੇ ਇਕ ਟਵੀਟ ਵਿਚ ਕਿਹਾ ਕਿ ਉਹ ਡਿਪੋਰਟੀਆਂ ਦੇ ਸਬੰਧ ਵਿਚ ਪਨਾਮਾ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ।
