ਚੇੱਨਈ ਦੀ ਜਿੱਤ ਨਾਲ ਸ਼ੁਰੂਆਤ

ਚੇੱਨਈ ਸੁਪਰ ਕਿੰਗਜ਼ ਨੇ ਆਈ. ਪੀ. ਐਲ 2025 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। 23 ਮਾਰਚ ਨੂੰ ਚੇਪੌਕ ਵਿਖੇ ਮੁੰਬਈ ਇੰਡੀਅਨਜ਼ ਵਿਰੁੱਧ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਚੇਨਈ ਦੀ ਟੀਮ ਨੇ ਸੀਜ਼ਨ ਦੇ ਪਹਿਲੇ ਹੀ ਮੈਚ ਵਿੱਚ ਆਪਣਾ ਦਬਦਬਾ ਦਿਖਾਇਆ। ਪਹਿਲਾਂ ਗੇਂਦਬਾਜ਼ੀ ਤੇ ਫਿਰ ਸ਼ਾਨਦਾਰ ਬੱਲੇਬਾਜ਼ੀ ਨਾਲ ਮੁੰਬਈ ਦੀ ਟੀਮ ਨੂੰ ਹਰਾ ਦਿੱਤਾ। ਸੀ.ਐੱਸ.ਕੇ. ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਬਾਅਦ ਚੇਨਈ ਦੇ ਗੇਂਦਬਾਜ਼ਾਂ ਨੇ ਤਬਾਹੀ ਮਚਾ ਦਿੱਤੀ ਅਤੇ ਐੱਮ.ਆਈ. ਨੂੰ ਸਿਰਫ਼ 155 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਇਸ ਦੇ ਨਾਲ ਹੀ ਚੇਨਈ ਦੀ ਟੀਮ ਨੇ 5 ਗੇਂਦਾਂ ਬਾਕੀ ਰਹਿੰਦਿਆਂ ਇਹ ਟੀਚਾ ਆਸਾਨੀ ਨਾਲ ਪ੍ਰਾਪਤ ਕਰ ਲਿਆ। ਇਸ ਤਰ੍ਹਾਂ ਉਸਨੇ ਅੰਕ ਸੂਚੀ ਵਿਚ ਆਪਣਾ ਖਾਤਾ ਵੀ ਖੋਲ੍ਹ ਲਿਆ ਹੈ।
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰਿਤੁਰਾਜ ਗਾਇਕਵਾੜ ਤੇ ਰਚਿਨ ਰਵਿੰਦਰ ਨੇ ਇਸ ਟੀਚੇ ਨੂੰ ਆਸਾਨ ਬਣਾ ਦਿੱਤਾ। ਦੋਵਾਂ ਦੀ ਪਾਰੀ ਕਾਰਨ ਚੇਨਈ ਦੀ ਟੀਮ ਨੂੰ 156 ਦੌੜਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਬਹੁਤੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਗਾਇਕਵਾੜ ਨੇ 26 ਗੇਂਦਾਂ ਵਿੱਚ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਦੋਂ ਕਿ ਰਚਿਨ ਨੇ 45 ਗੇਂਦਾਂ ਵਿੱਚ ਅਜੇਤੂ 65 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਵੱਲ ਲੈ ਗਏ ਪਰ ਇਸ ਮੈਚ ਦਾ ਸਭ ਤੋਂ ਵੱਡਾ ਹੀਰੋ ਨੂਰ ਅਹਿਮਦ ਸੀ। ਉਸ ਦੀ ਸਪਿਨ ਵਿੱਚ ਫਸਣ ਕਾਰਨ ਮੁੰਬਈ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ।
ਨੂਰ ਅਹਿਮਦ ਨੇ ਪਹਿਲੀ ਪਾਰੀ ਦੌਰਾਨ 4 ਓਵਰਾਂ ਵਿੱਚ ਸਿਰਫ਼ 18 ਦੌੜਾਂ ਦਿੱਤੀਆਂ ਅਤੇ 4 ਮਹੱਤਵਪੂਰਨ ਵਿਕਟਾਂ ਲਈਆਂ। ਮੁੰਬਈ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਤੋਂ ਇਲਾਵਾ ਉਸਨੇ ਤਿਲਕ ਵਰਮਾ, ਰੌਬਿਨ ਮਿੰਜ ਅਤੇ ਨਮਨ ਧੀਰ ਦੀਆਂ ਵਿਕਟਾਂ ਵੀ ਲਈਆਂ। ਇਸ ਤਰ੍ਹਾਂ, ਉਸਨੇ ਸਿਖਰਲੇ ਅਤੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਕੇ ਮੁੰਬਈ ਦੀ ਬੱਲੇਬਾਜ਼ੀ ਲਾਈਨ ਦੀ ਕਮਰ ਤੋੜ ਦਿੱਤੀ। ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਚੇਨਈ ਦੀ ਧੀਮੀ ਪਿੱਚ ‘ਤੇ ਫਸੇ ਹੋਏ ਸਨ ਅਤੇ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 155 ਦੌੜਾਂ ਹੀ ਬਣਾ ਸਕੇ। ਚੇਨਈ ਨੇ ਮੈਚ ਆਸਾਨੀ ਨਾਲ ਜਿੱਤ ਲਿਆ।

