ਭਾਸ਼ਾ ਵਿਭਾਗ ਨੇ ਲਾਇਬ੍ਰੇਰੀ ’ਚ ਸਥਾਪਿਤ ਕੀਤਾ ਵਿਸ਼ੇਸ਼ ਸ਼ੈਕਸ਼ਨ
ਪਟਿਆਲਾ : ਨਾਮਵਰ ਲੇਖਕ ਨਾਨਕ ਸਿੰਘ (ਸਵ.) ਦੇ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਕੁਝ ਨਿੱਜੀ ਵਸਤੂਆਂ ਭਾਸ਼ਾ ਵਿਭਾਗ ਪੰਜਾਬ ਨੂੰ ਭੇਟ ਕੀਤੀਆਂ ਗਈਆਂ ਹਨ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਭਾਸ਼ਾ ਭਵਨ ਪਟਿਆਲਾ ਵਿਖੇ ਲਾਇਬ੍ਰੇਰੀ ’ਚ ਨਾਨਕ ਸਿੰਘ ਦੀਆਂ ਨਿੱਜੀ ਵਸਤੂਆਂ ਲਈ ਇਕ ਵੱਖਰਾ ਸੈਕਸ਼ਨ ਸਥਾਪਿਤ ਕੀਤਾ ਗਿਆ ਹੈ। ਇਸ ਨਵੇਂ ਸੈਕਸ਼ਨ ਦੀ ਬੀਤੇ ਕੱਲ੍ਹ ਨਾਨਕ ਸਿੰਘ ਦੇ ਪੋਤਰੇ ਕਰਮਵੀਰ ਸਿੰਘ ਸੂਰੀ ਦੀ ਹਾਜ਼ਰੀ ’ਚ ਘੁੰਡ ਚੁਕਾਈ ਕੀਤੀ ਗਈ।
ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਵਿਭਾਗ ਵੱਲੋਂ ਨਾਮਵਰ ਲੇਖਕਾਂ ਦੀਆਂ ਯਾਦਗਾਰੀ ਤੇ ਨਿੱਜੀ ਵਸਤੂਆਂ ਦੀ ਸਾਂਭ-ਸੰਭਾਲ ਲਈ ਕੀਤੀ ਗਈ ਇਹ ਨਵੀਂ ਪਹਿਲਕਦਮੀ ਕੀਤੀ ਗਈ ਹੈ। ਇਸ ਕਾਰਜ ਦੀ ਆਰੰਭਤਾ ਮਹਾਨ ਨਾਵਲਕਾਰ ਨਾਨਕ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ। ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਲੇਖਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਕੀਤੇ ਜਾਣਗੇ ਅਤੇ ਵਿਭਾਗ ਲੇਖਕਾਂ ਨਾਲ ਸਬੰਧਤ ਵਸਤਾਂ ਦਾ ਹੌਲੀ-ਹੌਲੀ ਇਕ ਤਰ੍ਹਾਂ ਦਾ ਅਜਾਇਬ ਘਰ ਸਥਾਪਿਤ ਹੋ ਜਾਵੇਗਾ।
ਕਰਮਵੀਰ ਸਿੰਘ ਸੂਰੀ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਵਿਭਾਗ ਵੱਲੋਂ ਸ. ਨਾਨਕ ਸਿੰਘ ਦੀਆਂ ਵਸਤੂਆਂ ਨੂੰ ਖੂਬਸੂਰਤ ਤਰੀਕੇ ਨਾਲ ਸੰਭਾਲਣ ਲਈ ਧੰਨਵਾਦ ਵੀ ਕੀਤਾ। ਸੰਯੁਕਤ ਨਿਰਦੇਸ਼ਕਾ ਹਰਪ੍ਰੀਤ ਕੌਰ ਨੇ ਕਰਮਵੀਰ ਸਿੰਘ ਸੂਰੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਡਿਪਟੀ ਡਾਇਰੈਕਟਰ ਹਰਭਜਨ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਆਲੋਕ ਚਾਵਲਾ ਤੇ ਸੁਰਿੰਦਰ ਕੌਰ, ਸੁਪਰਡੈਂਟ ਭੁਪਿੰਦਰਪਾਲ ਸਿੰਘ ਤੇ ਸਵਰਨਜੀਤ ਕੌਰ, ਖੋਜ ਸਹਾਇਕ ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਮਨਜਿੰਦਰ ਸਿੰਘ, ਨੇਹਾ ਅਤੇ ਜਗਮੇਲ ਸਿੰਘ ਹਾਜ਼ਰ ਸਨ।
