ਰੇਲਵੇ ਸਟੇਸ਼ਨ ’ਤੇ ਲਿਖੇ ਮਿਲੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਫਰੀਦਕੋਟ : ਗਣਤੰਤਰ ਦਿਵਸ ’ਤੇ ਜ਼ਿਲਾ ਪੁਲਸ ਵੱਲੋਂ ਕੀਤੇ ਗਏ ਸੁਰੱਖਿਆ ਪਬੰਧਾਂ ’ਤੇ ਉਸ ਵੇਲੇ ਕਰਾਰੀ ਚੋਟ ਵੇਖਣ ਨੂੰ ਲੱਗੀ ਜਦ ਸਟੇਡੀਅਮ ਦੇ ਨਾਲ ਲੱਗਦੀ ਕੰਧ ’ਤੇ ਖਾਲਿਸਤਾਨੀ ਝੰਡਾ ਲਹਿਰਾਉਂਦਾ ਵੇਖਣ ਨੂੰ ਮਿਲਿਆ ਤੇ ਰੇਲਵੇ ਸਟੇਸ਼ਨ ’ਤੇ ਕੁਝ ਥਾਵਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਵੇਖਣ ਨੂੰ ਮਿਲੇ।
ਦੱਸਣਯੋਗ ਹੈ ਕਿ ਪਹਿਲਾਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਜਾਣ ਸੀ, ਜਿਸ ਕਰ ਕੇ ਪੁਲਸ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸ਼ਹਿਰ ਅੰਦਰ ਚੱਪੇ-ਚੱਪੇ ’ਤੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ’ਚ ਖਾਸ ਤੌਰ ’ਤੇ ਸਮਾਗਮ ਵਾਲੀ ਥਾਂ ਨਹਿਰੂ ਸਟੇਡੀਅਮ ਸ਼ਾਮਲ ਹੈ।
ਇਸ ਘਟਨਾ ਤੋਂ ਬਾਅਦ ਵਿਦੇਸ਼ ’ਚ ਬੈਠੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਕੇ ਸੂਬੇ ਦੇ ਹਰ ਡਿਪਟੀ ਕਮਿਸ਼ਨਰ ਦਫਤਰ ਵਿਖੇ ਖਾਲਿਸਤਾਨੀ ਝੰਡਾ ਲਹਿਰਾਉਣ ਲਈ ਉਕਸਾਊ ਭਾਸ਼ਣ ਦੇ ਕੇ ਇਹ ਸਾਫ ਕਰ ਦਿੱਤਾ ਹੈ ਕਿ ਇਹ ਹਰਕਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰੀਦਕੋਟ ਵਿਖੇ ਆਮਦ ਨੂੰ ਲੈ ਕੇ ਨਹਿਰੂ ਸਟੇਡੀਅਮ ਲਾਗੇ ਖਾਸਿਲਤਾਨੀ ਝੰਡਾ ਲਹਿਰਾ ਕੇ ਤੇ ਰੇਲਵੇ ਸਟੇਸ਼ਨ ’ਤੇ ਖਾਸਿਲਤਾਨੀ ਨਾਅਰੇ ਲਿਖ ਕੇ ਕੀਤੀ ਗਈ ਹੈ।
ਦੂਜੇ ਪਾਸੇ ਸਥਾਨਕ ਪੁਲਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਆਪਣੀਆਂ ਕਮਜ਼ੋਰੀਆਂ ’ਤੇ ਪਰਦਾ ਪਾਉਣ ਲਈ ਇਸ ਹਰਕਤ ਨੂੰ ਬਚਕਾਨੀ ਹਰਕਤ ਦਾ ਨਾਮ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਕਰੜੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ। ਜਲਦੀ ਹੀ ਅਜਿਹੀ ਬਚਕਾਨੀ ਹਰਕਤ ਕਰਨ ਵਾਲਿਆਂ ਦੀ ਪਛਾਣ ਕਰ ਲਈ ਜਾਵੇਗੀ ।


ਮੁੱਖ ਮੰਤਰੀ ਵੱਲੋਂ ਫਰੀਦਕੋਟ ਫੇਰੀ ਰੱਦ
ਦੱਸਣਯੋਗ ਹੈ ਕਿ ਮੌਜੂਦਾ ਸਥਿਤੀ ਅਨੁਸਾਰ ਮੁੱਖ ਮੰਤਰੀ ਪੰਜਾਬ ਵੱਲੋਂ ਆਪਣਾ ਫਰੀਦਕੋਟ ਦੌਰਾ ਰੱਦ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਭ ਉਕਤ ਘਟਨਾ ਦਾ ਨਤੀਜਾ ਹੈ। ਮਾੜੇ ਤੇ ਬੇਹੱਦ ਢਿੱਲੇ ਸੁਰੱਖਿਆ ਪ੍ਰਬੰਧਾਂ ਨੂੰ ਵੇਖਦਿਆਂ ਮੁੱਖ ਮੰਤਰੀ ਵੱਲੋਂ ਆਪਣੀ ਫਰੀਦਕੋਟ ਫੇਰੀ ਰੱਦ ਕਰ ਦਿੱਤੀ ਗਈ ਹੈ।