ਲੁਧਿਆਣਾ- ਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ 23 ਸਾਲਾ ਇਕਲੌਤੇ ਭਰਾ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਗਗਨ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨ ’ਚ ਪਿਤਾ ਨੇ ਦੱਸਿਆ ਕਿ ਉਸ ਦੀਆਂ 2 ਬੇਟੀਆਂ ਅਤੇ 1 ਬੇਟਾ ਹੈ। ਪੁੱਤਰ ਫੈਕਟਰੀ ’ਚ ਹੈਲਪਰ ਵਜੋਂ ਕੰਮ ਕਰਦਾ ਸੀ। ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਸਵੇਰੇ ਕੰਮ ਲਈ ਘਰੋਂ ਨਿਕਲਿਆ ਸੀ। ਰਾਤ ਕਰੀਬ 9.45 ਵਜੇ ਕਿਸੇ ਜਾਣਕਾਰ ਨੇ ਫੋਨ ਕਰ ਕੇ ਦੱਸਿਆ ਕਿ ਉਸ ਦਾ ਲੜਕਾ ਉਸ ਦੇ ਘਰ ਕੋਲ ਬੇਹੋਸ਼ ਪਿਆ ਹੈ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਅਤੇ ਬੇਟੇ ਨੂੰ ਹਸਪਤਾਲ ਲੈ ਗਏ, ਜਿਥੇ ਉਸ ਦੀ ਮੌਤ ਹੋ ਗਈ। ਪਿਤਾ ਅਨੁਸਾਰ ਕਿਸੇ ਨੇ ਓਵਰਡੋਜ਼ ਨਸ਼ਾ ਕਰਵਾ ਕੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ।
ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ, ਜਿਥੇ ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਮ੍ਰਿਤਕ ਦੇ ਫੋਨ ਦੀ ਕਾਲ ਡਿਟੇਲ ਕਢਵਾਈ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਉਹ ਕੱਲ੍ਹ ਕਿਸਦੇ ਨਾਲ ਕਿਥੇ ਗਿਆ ਸੀ।