ਮੌਕੇ ਤੇ ਪਹੁੰਚੀ ਪੁਲਿਸ ਅਤੇ ਫੋਰੈਂਸਿਕ ਟੀਮ
ਗੁਰਦਾਸਪੁਰ – ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਹੋਏ ਕਰੀਬ ਦਰਜਨ ਦੇ ਕਰੀਬ ਬੰਬ ਧਮਾਕਿਆਂ ਦੇ ਬਾਅਦ ਅੱਜ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਪਿੰਡ ਰਾਏਮੱਲ ਵਿਖੇ ਫਿਰ ਇਕ ਧਮਾਕਾ ਹੋਇਆ ਹੈ। ਇਸ ਵਾਰ ਹੋਇਆ ਇਹ ਧਮਾਕਾ ਕਿਸੇ ਪੁਲਿਸ ਥਾਣੇ ਜਾਂ ਚੌਂਕੀ ਦੇ ਅੰਦਰ ਨਹੀਂ, ਸਗੋਂ ਇਕ ਪੁਲਿਸ ਮੁਲਾਜ਼ਮ ਦੇ ਘਰ ਦੇ ਨੇੜੇ ਕੀਤਾ ਗਿਆ ਹੈ।
ਪੁਲਿਸ ਜ਼ਿਲਾ ਬਟਾਲਾ ਦੀਆਂ ਟੀਮਾਂ ਵੱਲੋਂ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫਰੈਂਸਿਕ ਟੀਮਾਂ ਨੇ ਵੀ ਮੌਕੇ ਤੇ ਪਹੁੰਚ ਕੇ ਸਬੂਤ ਇਕੱਠੇ ਕਰਨੇ ਸ਼ੁਰੂ ਕੀਤੇ ਹਨ।
ਜਿਕਰਯੋਗ ਹੈ ਕਿ ਹੁਣ ਤੱਕ ਪੰਜਾਬ ਅੰਦਰ ਵੱਖ-ਵੱਖ ਥਾਵਾਂ ਤੇ 11 ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ 12ਵਾਂ ਧਮਾਕਾ ਵਿਧਾਨ ਸਭਾ ਹਲਕਾ ਹਲਕਾ ਡੇਰਾ ਬਾਬਾ ਨਾਨਕ ਨਾਲ ਸਬੰਧਤ ਪਿੰਡ ਰਾਏਮੱਲ ਵਿਖੇ ਇਕ ਪੁਲਿਸ ਮੁਲਾਜ਼ਮ ਦੇ ਘਰ ਹੋਇਆ ਹੈ।
ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਉਕਤ ਪਿੰਡ ਰਾਏਮੱਲ ਦੇ ਵਸਨੀਕ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਦੇ ਘਰ ਦੇ ਬਾਹਰ ਆਏ 2 ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦੇ ਘਰ ਵਿਚ ਇਕ ਹੈਂਡ ਗਰਨੇਡ ਸੁੱਟਿਆ ਹੈ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ।
ਇਸ ਦੌਰਾਨ ਮਾਲੀ ਨੁਕਸਾਨ ਬਹੁਤ ਹੋਇਆ ਹੈ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਘਰ ਦਾ ਇਕ ਮੈਂਬਰ ਪੁਲਿਸ ਮੁਲਾਜ਼ਮ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਤੇ ਇਹ ਵੀ ਦੱਸਣਯੋਗ ਹੈ ਕਿ ਧਮਾਕੇ ਦੀ ਵਾਰਦਾਤ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋਈ ਹੈ।
