ਬਰਨਾਲਾ ਚੌਂਕ ਤੋਂ ਪੂਨੀਆਂ ਟਾਵਰ ਤੱਕ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਚੁਕਵਾਇਆ : ਪਵਨ ਕੁਮਾਰ

ਸੰਗਰੂਰ : ਜ਼ਿਲਾ ਟ੍ਰੈਫਿਕ ਪੁਲਿਸ ਸੰਗਰੂਰ ਨੇ ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੰਗਰੂਰ ਸ਼ਹਿਰ ’ਚ ਆਵਾਜਾਈ ਦੀ ਸਮੱਸਿਆ ਨਾਲ ਨਜਿੱਠਣ ਲਈ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਸ ਦੌਰਾਨ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਈਆਂ ਈ-ਚਲਾਨ ਮਸ਼ੀਨਾਂ ਦੀ ਵਰਤੋਂ ਕਰਦਿਆਂ ਅੱਜ ਲਗਭਗ 100 ਅਜਿਹੇ ਵਾਹਨਾਂ ਦੇ ਈ-ਚਲਾਨ ਕੱਟੇ ਗਏ ਹਨ, ਜਿਹੜੇ ਕਿ ਵਾਹਨ ਚਾਲਕਾਂ ਵੱਲੋਂ ਸੜਕਾਂ ਦੇ ਆਲੇ-ਦੁਆਲੇ ਜਾਂ ਬਾਜ਼ਾਰਾਂ ’ਚ ਬੇਤਰਤੀਬ ਢੰਗ ਨਾਲ ਖੜ੍ਹੇ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਅਜਿਹੀਆਂ ਮਸ਼ੀਨਾਂ ਦੀ ਵਰਤੋਂ ਨਾਲ ਈ-ਚਲਾਨ ਕੱਟ ਕੇ ਆਰ. ਟੀ. ਓ. ਕੋਲ ਭੇਜ ਦਿੱਤੇ ਜਾਂਦੇ ਹਨ ਅਤੇ ਸਬੰਧਤ ਵਾਹਨ ਜਿਹੜੇ ਵਿਅਕਤੀ ਦੇ ਨਾਮ ਉੱਤੇ ਰਜਿਸਟਰਡ ਹੁੰਦਾ ਹੈ, ਉਸ ਨੂੰ ਚਲਾਨ ਚਲਾ ਜਾਂਦਾ ਹੈ। ਪਵਨ ਕੁਮਾਰ ਸ਼ਰਮਾ ਨੇ ਸੰਗਰੂਰ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਵਾਹਨਾਂ ਨੂੰ ਰਾਖਵੇਂ ਕੀਤੇ ਪਾਰਕਿੰਗ ਸਥਾਨਾਂ ਉੱਤੇ ਹੀ ਖੜਾਉਣ ਅਤੇ ਭਵਿੱਖ ਵਿੱਚ ਵੀ ਜੇਕਰ ਕੋਈ ਵਾਹਨ ਚਾਲਕ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਬਰਨਾਲਾ ਚੌਂਕ ਤੋਂ ਸਿਵਲ ਹਸਪਤਾਲ ਅਤੇ ਪੂਨੀਆਂ ਟਾਵਰ ਤੱਕ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਵੱਲੋਂ ਰੱਖਿਆ ਗਿਆ ਸਮਾਨ, ਬੋਰਡ ਅਤੇ ਹੋਰ ਸਮੱਗਰੀ ਨੂੰ ਚੁਕਵਾਇਆ ਗਿਆ। ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਰਾਹਗੀਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਬੇਲੋੜੇ ਭੀੜ ਭੜੱਕੇ ਕਾਰਨ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਵਾਜਾਈ ਸਮੱਸਿਆ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।
