ਇੰਗਲੈਂਡ ਨੂੰ 7 ਵਿਕਟਾਂ ਨਾਲ ਹਾਰਿਆ
ਕਰਾਚੀ : ਦੱਖਣੀ ਅਫਰੀਕਾ ਨੇ ਸਨੀਵਾਰ ਨੂੰ ਇਥੇ ਗਰੁੱਪ ਬੀ ਦੇ ਅਪਣੇ ਆਖ਼ਰੀ ਮੈਚ ’ਚ ਮੁਸ਼ਕਲਾਂ ਨਾਲ ਜੂਝ ਰਹੀ ਇੰਗਲੈਂਡ ਦੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾਉਣ ਤੋਂ ਪਹਿਲਾਂ ਹੀ ਆਸਟਰੇਲੀਆ ਨਾਲ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।
ਦੱਖਣੀ ਅਫਰੀਕਾ ਨੇ ਹੈਨਰਿਚ ਕਲਾਸੇਨ (64 ਦੌੜਾਂ) ਅਤੇ ਰਾਸੀ ਵੈਨ ਡਰ ਡੁਸੇਨ (ਨਾਬਾਦ 72) ਦੇ ਅਰਧ ਸੈਂਕੜੇ ਅਤੇ ਦੋਹਾਂ ਵਿਚਾਲੇ ਤੀਜੇ ਵਿਕਟ ਲਈ 127 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ 29.1 ਓਵਰਾਂ ਵਿਚ ਤਿੰਨ ਵਿਕਟਾਂ ’ਤੇ 181 ਦੌੜਾਂ ਬਣਾਈਆਂ। ਇੰਗਲੈਂਡ ਦੇ ਇਤਿਹਾਸ ਵਿਚ ਇਹ ਸਿਰਫ ਦੂਜਾ ਮੌਕਾ ਹੈ ਜਦੋਂ ਉਸ ਨੇ ਚੈਂਪੀਅਨਜ਼ ਟਰਾਫੀ ਦੇ ਕਿਸੇ ਵੀ ਪੜਾਅ ਵਿਚ ਇਕ ਵੀ ਜਿੱਤ ਨਹੀਂ ਜਿੱਤੀ ਹੈ। ਆਖਰੀ ਵਾਰ ਅਜਿਹਾ 1998 ’ਚ ਹੋਇਆ ਸੀ।
ਸੈਮੀਫਾਈਨਲ ’ਚ ਜਗ੍ਹਾ ਬਣਾਉਣ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁਕੇ ਇੰਗਲੈਂਡ ਨੂੰ ਅਫਗਾਨਿਸਤਾਨ ਨੂੰ ਰਨ ਰੇਟ ਦੇ ਆਧਾਰ ’ਤੇ ਕੁਆਲੀਫਾਈ ਕਰਨ ਦਾ ਮੌਕਾ ਦੇਣ ਲਈ ਘੱਟੋ-ਘੱਟ 207 ਦੌੜਾਂ ਨਾਲ ਜਿੱਤ ਦੀ ਲੋੜ ਸੀ। ਪਰ ਉਹ 38.2 ਓਵਰਾਂ ’ਚ ਟੂਰਨਾਮੈਂਟ ਦੇ ਸੱਭ ਤੋਂ ਘੱਟ ਸਕੋਰ 179 ਦੌੜਾਂ ’ਤੇ ਸਿਮਟ ਗਿਆ।
ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਾਰਕੋ ਜੈਨਸਨ (39 ਦੌੜਾਂ ’ਤੇ 3 ਵਿਕਟਾਂ) ਨੇ ਨਵੀਂ ਗੇਂਦ ਨਾਲ ਤਿੰਨ ਅਹਿਮ ਵਿਕਟਾਂ ਲੈ ਕੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ। ਵਿਚਕਾਰਲੇ ਓਵਰਾਂ ਵਿਚ ਵਿਆਨ ਮੁਲਡਰ (25 ਦੌੜਾਂ ’ਤੇ 3 ਵਿਕਟਾਂ) ਅਤੇ ਕੇਸ਼ਵ ਮਹਾਰਾਜ (35 ਦੌੜਾਂ ’ਤੇ 2 ਵਿਕਟਾਂ) ਨੇ ਦਬਾਅ ਬਣਾਇਆ, ਜਿਸ ਨਾਲ ਦਖਣੀ ਅਫਰੀਕਾ ਨੇ ਮੈਚ ਦਾ ਕੋਈ ਨਤੀਜਾ ਕੱਢੇ ਬਿਨਾਂ ਨਾਕਆਊਟ ਵਿਚ ਅਪਣੀ ਜਗ੍ਹਾ ਪੱਕੀ ਕਰ ਲਈ।
ਇਸ ਜਿੱਤ ਨਾਲ ਦੱਖਣੀ ਅਫਰੀਕਾ ਪੰਜ ਅੰਕਾਂ ਨਾਲ ਆਸਟਰੇਲੀਆ (ਚਾਰ ਅੰਕ) ਤੋਂ ਅੱਗੇ ਗਰੁੱਪ ਬੀ ਵਿਚ ਚੋਟੀ ’ਤੇ ਪਹੁੰਚ ਗਿਆ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਗਰੁੱਪ ਏ ਵਿਚ ਹੋਣ ਵਾਲਾ ਫਾਈਨਲ ਮੈਚ ਸੈਮੀਫਾਈਨਲ ਲਾਈਨਅਪ ਦਾ ਫੈਸਲਾ ਕਰੇਗਾ।