ਦਿੜ੍ਹਬਾ : ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਿੰਡ ਛਾਜਲੀ ਤੋਂ ਨੰਗਲਾ ਤੱਕ ਸੜਕ ਨੂੰ 18 ਫੁੱਟ ਚੌੜਾ ਕਰ ਕੇ ਅਪਗ੍ਰੇਡ ਕਰਨ ਮਗਰੋਂ ਇਸ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਨਿਵਾਸੀਆਂ ਦੀਆਂ ਜ਼ਰੂਰਤਾਂ ਤੋਂ ਭਲੀ ਭਾਂਤ ਜਾਣੂ ਹੈ ਅਤੇ ਪਿਛਲੇ ਕਰੀਬ ਪੌਣੇ ਤਿੰਨ ਸਾਲਾਂ ਤੋਂ ਸੂਬੇ ਦੇ ਹਰ ਹਿੱਸੇ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਅਧੀਨ ਆਉਂਦੇ ਹਰ ਖੇਤਰ ਦੀ ਦਿੱਖ ਨੂੰ ਸੰਵਾਰਨ ਅਤੇ ਇਥੇ ਵੱਸਦੇ ਨਾਗਰਿਕਾਂ ਦੀ ਹਰ ਜ਼ਰੂਰਤ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਛਾਜਲੀ ਤੋਂ ਨੰਗਲਾ ਸੜਕ ਦੀ ਲੰਬਾਈ 5.75 ਕਿਲੋਮੀਟਰ ਹੈ ਅਤੇ ਇਸ ਦਾ ਨਿਰਮਾਣ ਕਰਨ ’ਤੇ 3 ਕਰੋੜ 97 ਲੱਖ ਰੁਪਏ ਦੇ ਲੱਗਭਗ ਖਰਚ ਆਇਆ ਹੈ।
ਇਕ ਹੋਰ ਵਿਕਾਸ ਪ੍ਰਾਜੈਕਟ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਰਟੋਲਾਂ ਤੋਂ ਢੰਡੋਲੀ ਕਲਾਂ ਦੇ ਲਿੰਕ ਰੋਡ ਦੇ ਕੱਚੇ ਪਹੇ ਨੂੰ ਪੱਕਾ ਕਰਨ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਧਾਰਿਤ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ। ਕੈਬਨਿਟ ਮੰਤਰੀ ਨੇ ਕਿਹਾ ਕਿ 4 ਕਿਲੋਮੀਟਰ ਲੰਬਾਈ ਵਾਲੀ ਇਸ ਸੜਕ ਦੇ ਨਿਰਮਾਣ ’ਤੇ ਲੱਗਭਗ 1 ਕਰੋੜ 59 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ 31 ਮਾਰਚ 2025 ਤੋਂ ਪਹਿਲਾਂ ਪਹਿਲਾਂ ਇਸ ਸੜਕ ਉੱਤੇ ਆਵਾਜਾਈ ਨੂੰ ਸ਼ੁਰੂ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਦੇ ਓ. ਐੱਸ. ਡੀ. ਤਪਿੰਦਰ ਸਿੰਘ ਸੋਹੀ, ਪੀ. ਡਬਲਿਊ. ਡੀ. ਦੇ ਐੱਸ. ਡੀ. ਓ. ਦਲਜੀਤ ਸਿੰਘ, ਜੇ. ਈ. ਜੀਵਨ ਜੋਤ ਸਿੰਘ ਤੇ ਜਤਿਨ ਕੁਮਾਰ ਤੋਂ ਇਲਾਵਾ ਸੰਬੰਧਿਤ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚ, ਪੰਚ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।