– ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 36ਵੇਂ ਦਿਨ ’ਚ ਦਾਖਲ, ਹਾਲਾਤ ਗੰਭੀਰ
– ਕਿਸਾਨਾਂ ਨੇ 4 ਜਨਵਰੀ ਨੂੰ ਸੱਦੀ ਮਹਾ-ਪੰਚਾਇਤ
ਖਨੌਰੀ – ਖਨੌਰੀ ਬਾਰਡਰ ’ਤੇ ਮਰਨ ਵਰਤ ਦੇ 36ਵੇਂ ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋਂ ਚੁੱਕਣ ਨਹੀਂ ਦਿੱਤਾ ਜਾਵੇਗਾ। ਇਹ ਐਲਾਨ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਨੇਤਾਵਾਂ ਨੇ ਕਰਦਿਆ ਕਿਹਾ ਕਿ ਭਾਵੇ ਉਨ੍ਹਾਂ ਨੂੰ ਸ਼ਹੀਦਿਆਂ ਦੇਣੀਆਂ ਪੈਣ ਪਰ ਡੱਲੇਵਾਲ ਦਾ ਮਰਨ ਵਰਤ ਨਹੀਂ ਟੁੱਟਣ ਦਿੱਤਾ ਜਾਵੇਗਾ। ਇਹ ਮਰਨ ਵਰਤ ਤੱਦ ਹੀ ਟੁੱਟੇਗਾ, ਜਦੋਂ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇਗੀ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਸੁਪਰੀਮ ਕੋਰਟ ਸਾਡੇ ਮਾਮਲੇ ’ਚ ਖਾਮਖਾਹ ਦਖਲਅੰਦਾਜੀ ਕਰ ਰਹੀ ਹੈ। ਹੁਣ ਤਿੰਨ ਦਿਨ ਦਾ ਟਾਈਮ ਦੇ ਕੇ ਆਖਿਰ ਸੁਪਰੀਮ ਕੋਰਟ ਚਾਹੁੰਦੀ ਕੀ ਹੈ। ਉਨ੍ਹਾਂ ਆਖਿਆ ਕਿ ਅਸੀਂ ਸੁਪਰੀਮ ਕੋਰਟ ਨੂੰ ਬਾਰ-ਬਾਰ ਬੇਨਤੀ ਕਰ ਰਹੇ ਹਨ ਕਿ ਉਹ ਕੇਂਦਰ ਸਰਕਾਰ ਨੂੰ ਆਦੇਸ਼ ਜਾਰੀ ਕਰੇ ਤਾਂ ਜੋ ਕਿਸਾਨਾਂ ਦੀਆਂ ਸਮੱਸਿਆ ਦਾ ਹਲ ਨਿਕਲ ਸਕੇ।
ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚਾ ਮੋਰਚੇ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਅੱਜ 36ਵੇਂ ਦਿਨ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਅਤੇ ਗੰਭੀਰ ਬਣੀ ਹੋਈ ਹੈ। ਉੱਧਰੋਂ ਕਿਸਾਨਾਂ ਨੇ 4 ਜਨਵਰੀ ਨੂੰ ਮਹਾ-ਪੰਚਾਇਤ ਸੱਦ ਕੇ ਸਾਰੇ ਦੇਸ਼ ਨੂੰ ਸੱਦਾ ਦਿੱਤਾ ਹੈ ਕਿ ਉਹ ਖਨੌਰੀ ਬਾਰਡਰ ’ਤੇ ਪੁੱਜਣ ਤਾਂ ਜੋ ਕੇਂਦਰ ਸਰਕਾਰ ਦੀਆਂ ਚੂਲਾਂ ਹਿਲਾਈਆਂ ਜਾ ਸਕਣ।
ਬੀਤੀ ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਦਾ ਬਲੱਡ ਪ੍ਰੈਸ਼ਰ 76/44 ਤੱਕ ਆ ਗਿਆ, ਜੋ ਕਿ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਡੱਲੇਵਾਲ ਦੀ ਦਿਲੀ ਇੱਛਾ ਹੈ ਕਿ ਉਹ 4 ਜਨਵਰੀ ਨੂੰ ਖਨੌਰੀ ਕਿਸਾਨ ਮੋਰਚੇ ਪੁੱਜੇ ਲੱਖਾਂ ਕਿਸਾਨਾਂ ਦੇ ਦਰਸ਼ਨ ਕਰਨ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮੰਨਣਾ ਹੈ ਕਿ ਅੱਜ ਉਨ੍ਹਾਂ ਦੀ ਸਿਹਤ ਦੀ ਜੋ ਸਥਿਤੀ ਹੈ, ਕਿਸੇ ਵੀ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਲਈ ਉਹ 4 ਜਨਵਰੀ ਨੂੰ ਖਨੌਰੀ ਕਿਸਾਨ ਮੋਰਚਾ ਉੱਪਰ ਸਮੂਹ ਕਿਸਾਨਾਂ ਨੂੰ ਆਪਣਾ ਅਹਿਮ ਸੰਦੇਸ਼ ਦੇਣਾ ਚਾਹੁੰਦੇ ਹਨ। 4 ਜਨਵਰੀ ਨੂੰ ਹੋਣ ਵਾਲੀ ਕਿਸਾਨ ਮਹਾ-ਪੰਚਾਇਤ ਦੀਆਂ ਤਿਆਰੀਆਂ ਲਈ ਸਾਰੇ ਰਾਜਾਂ ’ਚ ਜ਼ਿਲਾ ਪੱਧਰ ’ਤੇ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਅੱਜ ਪਟਵਾਰੀ ਅਤੇ ਨਹਿਰੀ ਯੂਨੀਅਨ ਵੱਲੋਂ ਵੀ ਮੋਰਚੇ ’ਤੇ ਪਹੁੰਚ ਕੇ ਅੰਦੋਲਨ ਦਾ ਸਮਰਥਨ ਕੀਤਾ।