ਪਟਿਆਲਾ :- ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਰਗੇ ਆਗੂਆਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ’ਚ ਜਿਹਡ਼ੇ ਵੀ ਸਿਧਾਂਤਕ ਆਗੂ ਹਨ, ਉਨ੍ਹਾਂ ਨੂੰ ਕਿਵੇਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ।
ਉਨ੍ਹਾਂ ਇਹ ਵੀ ਸਾਫ ਕਰ ਦਿੱਤਾ ਕਿ ਜਿਹਡ਼ਾ ਵੀ ਆਗੂ ਪਾਰਟੀ ’ਚ ਪੰਥ ਵਿਰੋਧੀ ਫੈਸਲੇ ਲੈਣ ਤੋਂ ਰੋਕਦਾ ਹੈ, ਉਸ ਨੂੰ ਦਰਕਿਨਾਰੇ ਕਰ ਦਿੱਤਾ ਜਾਂਦਾ ਹੈ। ਜਥੇਦਾਰ ਸਾਹਿਬਾਨ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਿਸ ਨੇ ਵੀ ਪੰਥਕ ਸਿਧਾਂਤ ਲਈ ਪੰਥਕ ਸੰਸਥਾਵਾਂ ਦੀ ਪਹਿਰੇਦਾਰੀ ਦੇ ਹੱਕ ’ਚ ਅਾਵਾਜ਼, ਉਸ ਨੂੰ ਦਰਕਿਨਾਰੇ ਕਰ ਦਿੱਤਾ ਗਿਆ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਡ਼ੀ ਪੰਥ ਦੀ ਮਰਿਆਦਾ ਸਿਧਾਂਤ ਤੇ ਪ੍ਰੰਪਰਾਵਾਂ ਤੇ ਮਾਨਤਾਵਾਂ ਦੀ ਪਹਿਰੇਦਾਰੀ ਕਰਦੀ ਹੈ। ਇੱਥੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਯਤਨ ਕੀਤਾ ਕਿ ਉਹ ਪੰਥਕ ਸਿਧਾਂਤਾਂ ’ਤੇ ਪਹਿਰਾ ਦੇਣ ਪਰ ਪਾਰਟੀ ਦੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਤੰਗ-ਪ੍ਰੇੱਸ਼ਾਨ ਕੀਤਾ ਅਤੇ ਅਖੀਰ ’ਚ ਮਜਬੂਰ ਹੋ ਕੇ ਉਨ੍ਹਾਂ ਨੂੰ ਵੀ ਅਸਤੀਫਾ ਦੇਣਾ ਪਿਆ।
ਇਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਸਿਧਾਂਤਹੀਣ ਕੰਮ ਲਈ ਅਤੇ ਸਿਧਾਂਤਹੀਣ ਗੱਲਾਂ ਅਤੇ ਮਰਿਆਦਾ ਤੋਂ ਉਲਟ ਗੱਲਾਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਜਿਹੇ ’ਚ ਪੰਥ, ਪੰਜਾਬ ਅਤੇ ਪੰਥ ਹਿਤੈਸੀਆਂ ਨੂੰ ਜਾਗਣ, ਸੁਚੇਤ ਅਤੇ ਲਾਮਬੰਦ ਹੋਣ ਦੀ ਲੋਡ਼ ਹੈ ਤਾਂ ਕਿ ਇਕਜੁੱਟ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹਡ਼ਾ ਘੱਟੋ-ਘੱਟ ਪ੍ਰੋਗਰਾਮ ਤੇ ਕੌਮ ਦੇ ਰਹਿਬਰਾਂ, ਕੌਮ ਦੇ ਆਗੂਆਂ, ਕੌਮ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਇਕ ਅਪੀਲ ਕੀਤੀ ਸੀ ਕਿ ਰਾਜਸੀ ਏਜੰਡੇ ਅਲੱਗ-ਅਲੱਗ ਰੱਖ ਕੇ ਘੱਟੋ-ਘੱਟ ਪ੍ਰੋਗਰਾਮ ਤੇ ਧਾਰਮਿਕ ਪ੍ਰੰਪਰਾਵਾਂ, ਮਰਿਆਦਾ ਤੇ ਮਾਨਤਾਵਾਂ ਦੇ ਅਧਾਰ ’ਤੇ ਇਕੱਠਾ ਹੋਣਾ ਚਾਹੀਦਾ ਹੈ, ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਐਡਵੋਕੇਟੇ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਅਤੇ ਅਸਤੀਫਾ ਦੇਣ ਦੀ ਥਾਂ ’ਤੇ ਸਿਧਾਂਤਹੀਣ ਲੋਕਾਂ ਨਾਲ ਜੰਗ ਲਡ਼ਨ ਤਾਂ ਕਿ ਸਿਧਾਂਤਹੀਣ ਲੋਕਾਂ ਨੂੰ ਲਾਂਭੇ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਹੋਰ ਮਨਮਰਜ਼ੀਆਂ ਕਰਨ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖਡ਼ਾ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ ਸ਼ੇਖੁਪੁਰ, ਸਤਗੁਰੂ ਸਿੰਘ ਪ੍ਰਧਾਨ ਖਨੌਰੀ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਕੈਪਟਨ ਖੁਸ਼ਵੰਤ ਸਿੰਘ, ਜਸਵਿੰਦਰ ਸਿੰਘ ਚੱਢਾ, ਕੁਲਵਿੰਦਰ ਸਿੰਘ ਭੁਨਰਹੇਡ਼ੀ ਆਦਿ ਹਾਜ਼ਰ ਸਨ।
