ਮਾਹਿਰਾਂ ਦੀ ਟੀਮ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਭਾਈਵਾਲਾਂ ਨਾਲ ਕਰੇਗੀ ਵਿਚਾਰ-ਵਟਾਂਦਰਾ
ਟ੍ਰੇਨਿੰਗ ਲਈ ਪ੍ਰਿੰਸੀਪਲਾਂ ਨੂੰ ਆਈ. ਆਈ. ਐੱਮ.- ਅਹਿਮਦਾਬਾਦ ਕੈਂਪਸ ਭੇਜਿਆ ਜਾਵੇਗਾ
ਚੰਡੀਗੜ੍ਹ : ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੀਆਂ ਆਈ. ਟੀ. ਆਈਜ਼. ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਪ੍ਰਿੰਸੀਪਲਾਂ ’ਚ ਲੀਡਰਸ਼ਿਪ ਦੇ ਗੁਣਾਂ ਨੂੰ ਹੋਰ ਨਿਖਾਰਨ, ਪ੍ਰਬੰਧਕੀ ਕੁਸ਼ਲਤਾ ਅਤੇ ਅਕਾਦਮਿਕ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਲਈ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐੱਮ.), ਅਹਿਮਦਾਬਾਦ ਦੇ ਮਾਹਿਰਾਂ ਦੀ ਇਕ ਟੀਮ ਫਰਵਰੀ ’ਚ ਪੰਜਾਬ ਦਾ ਦੌਰਾ ਕਰੇਗੀ। ਇਹ ਟੀਮ ਸਿਖਲਾਈ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਉਣ ਲਈ ਟ੍ਰੇਨਿੰਗ ਸਬੰਧੀ ਲੋੜਾਂ ਦਾ ਮੁਲਾਂਕਣ ਕਰਨ ਲਈ ਮੁੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰਾ ਕਰੇਗੀ।
ਦੱਸਣਯੋਗ ਹੈ ਕਿ ਆਈ. ਆਈ. ਐੱਮ-ਅਹਿਮਦਾਬਾਦ, ਐੱਨ. ਆਈ. ਆਰ. ਐੱਫ. ਰੈਂਕਿੰਗ ਵਿਚ ਪਹਿਲੇ ਸਥਾਨ ’ਤੇ ਹੈ ਅਤੇ ਆਪਣੀ ਉੱਤਮਤਾ ਲਈ ਵਿਸ਼ਵ ਭਰ ’ਚ ਪ੍ਰਸਿੱਧ ਹੈ। ਇਹ ਸੰਸਥਾ ਪ੍ਰਬੰਧਕੀ ਸਿੱਖਿਆ ’ਚ ਮੋਹਰੀ ਹੈ ਅਤੇ ਆਪਣੀਆਂ ਸਿੱਖਿਆ ਸਬੰਧੀ ਨਵੀਨਤਾਕਾਰੀ ਵਿਧੀਆਂ, ਖੋਜਾਂ ਅਤੇ ਅਕਾਦਮਿਕ ਤੇ ਪੇਸ਼ੇਵਰ ਉੱਤਮਤਾ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਲਈ ਜਾਣੀ ਜਾਂਦੀ ਹੈ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਆਈ.ਆਈ.ਐਮ-ਅਹਿਮਦਾਬਾਦ ਦੇ ਸਹਿਯੋਗ ਨਾਲ ਰਾਜ ਦੀਆਂ ਆਈ. ਟੀ. ਆਈਜ਼. ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਲਈ ਵਿਸ਼ੇਸ਼ ਮੈਨੇਜਮੈਂਟ ਡਿਵੈੱਲਪਮੈਂਟ ਪ੍ਰੋਗਰਾਮ (ਐੱਮ. ਡੀ. ਪੀ.) ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਈ. ਆਈ. ਐੱਮ-ਅਹਿਮਦਾਬਾਦ ਦੇ ਫੈਕਲਟੀ ਮੈਂਬਰ ਮੁੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਅਤੇ ਸਿਖਲਾਈ ਸਬੰਧੀ ਜ਼ਰੂਰਤਾਂ ਦਾ ਮੁਲਾਂਕਣ ਕਰਨ ਲਈ 12 ਤੋਂ 15 ਫਰਵਰੀ, 2025 ਤੱਕ ਪੰਜਾਬ ਦਾ ਦੌਰਾ ਕਰਨਗੇ। ਇਹ ਪ੍ਰੋਗਰਾਮ ਤਕਨੀਕੀ ਅਤੇ ਕਿਤਾਮੁਖੀ ਸੰਸਥਾਵਾਂ ਨੂੰ ਸੈਂਟਰ ਆਫ ਐਕਸੀਲੈਂਸ ’ਚ ਅਪਗ੍ਰੇਡ ਕਰਨ ਵਿਚ ਵਿਭਾਗ ਦੀ ਮਦਦ ਕਰੇਗਾ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਈਕੋਸਿਸਟਮ ਦੇ ਵਿਕਾਸ ਅਤੇ ਇਸਦੇ ਆਗੂਆਂ ਨੂੰ ਇਸ ਖੇਤਰ ਦੀਆਂ ਸਮੇਂ ਅਨੁਸਾਰ ਬਦਲ ਰਹੀਆਂ ਲੋੜਾਂ ਮੁਤਾਬਕ ਬਣਾਉਣ ਵਾਸਤੇ ਤਿਆਰ ਕੀਤੇ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ ਆਈ. ਟੀ. ਆਈਜ਼. ਅਤੇ ਪੌਲੀਟੈਕਨਿਕ ਸੰਸਥਾਵਾਂ ਦੇ 30 ਪ੍ਰਿੰਸੀਪਲਾਂ ਦੇ ਨਾਲ-ਨਾਲ ਵਿਭਾਗੀ ਅਧਿਕਾਰੀਆਂ ਨੂੰ ਵੱਕਾਰੀ ਆਈ. ਆਈ. ਐੱਮ.-ਅਹਿਮਦਾਬਾਦ ਕੈਂਪਸ ਵਿਖੇ ਪੰਜ ਦਿਨਾਂ ਦੀ ਸਿਖਲਾਈ ਦਿੱਤੀ ਜਾਵੇਗੀ।
ਇਸ ਟ੍ਰੇਨਿੰਗ ਦੌਰਾਨ 20 ਇੰਟਰਐਕਟਿਵ ਸੈਸ਼ਨ ਕਰਵਾਏ ਜਾਣਗੇ, ਜਿਸ ’ਚ ਪ੍ਰੋਫੈਸਰ ਅੰਬਰੀਸ਼ ਡੋਂਗਰੇ ਅਤੇ ਪ੍ਰੋਫੈਸਰ ਨਿਹਾਰਿਕਾ ਵੋਹਰਾ ਸਮੇਤ ਆਈ. ਆਈ. ਐੱਮ.-ਅਹਿਮਦਾਬਾਦ ਦੇ ਨਾਮੀ ਪ੍ਰੋਫੈਸਰਾਂ ਵੱਲੋਂ ਸਿਖਲਾਈ ਦੀਆਂ ਨਵੀਆਂ ਤਕਨੀਕਾਂ ਤੇ ਅਭਿਆਸਾਂ ਬਾਰੇ ਜਾਣੂ ਕਰਵਾਇਆ ਜਾਵੇਗਾ।
ਇਹ ਸਿਖਲਾਈ ਪ੍ਰੋਗਰਾਮ ਵਿਸ਼ੇਸ਼ ਤੌਰ ’ਤੇ ਭਾਗੀਦਾਰਾਂ ਨੂੰ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਅਤੇ ਪ੍ਰਬੰਧਨ ਕਰਨ ਲਈ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਰਣਨੀਤਕ ਯੋਜਨਾਬੰਦੀ ਅਤੇ ਬਜਟ ਸਮਰੱਥਾਵਾਂ ’ਚ ਵਾਧਾ ਕਰਨ, ਵਿਵਾਦਾਂ ਦੇ ਪ੍ਰਭਾਵਸ਼ਾਲੀ ਹੱਲ ਦੇ ਹੁਨਰਾਂ ਨੂੰ ਉਤਸ਼ਾਹਿਤ ਕਰਨ, ਟੀਮ ਅਤੇ ਸਮਾਂ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਸੰਚਾਰ ਰਣਨੀਤੀਆਂ ਨੂੰ ਹੋਰ ਮਜ਼ਬੂਤ ਕਰਨ ’ਚ ਵੀ ਮਦਦ ਕਰੇਗਾ।
