ਜੋਗਾ- ਪਿੰਡ ਉੱਭਾ ਦੇ ਖੇਤਾਂ ਵਿਚ ਕੰਮ ਕਰ ਰਹੇ ਵਿਅਕਤੀ ਦੀ ਸੱਪ ਦੇ ਡੰਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਗੁਰਮੇਲ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ (35) ਪੁੱਤਰ ਹੰਸਾ ਸਿੰਘ ਵਾਸੀ ਪਿੰਡ ਉੱਭਾ ਪਿੰਡ ਦੇ ਹੀ ਕਿਸੇ ਵਿਅਕਤੀ ਕੋਲ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਕੁਝ ਦਿਨ ਪਹਿਲਾ ਖੇਤਾਂ ਵਿਚ ਕੰਮ ਕਰਦੇ ਸਮੇਂ ਉਸ ਨੂੰ ਸੱਪ ਨੇ ਡੰਗ ਲਿਆ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਅੱਜ ਮੌਤ ਹੋ ਗਈ ਹੈ।
ਥਾਣਾ ਮੁਖੀ ਜਪਸ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਕਿਸਾਨ ਆਗੂ ਜਸਪਾਲ ਸਿੰਘ ਉੱਭਾ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਮਜ਼ਦੂਰ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।