ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਸੰਸਦ ’ਚ ਉਠਾਉਣ ਲਈ ਡਾ. ਗਾਂਧੀ ਨੂੰ ਦਿੱਤਾ ਮੰਗ-ਪੱਤਰ
ਪਟਿਆਲਾ- ਸੰਯੁਕਤ ਕਿਸਾਨ ਮੋਰਚੇ ਪਟਿਆਲਾ ਵੱਲੋਂ ਅੱਜ ਪੁੱਡਾ ਗਰਾਊਂਡ ਵਿਖੇ ਇਕੱਠੇ ਹੋਣ ਉਪਰੰਤ ਰੋਸ ਪ੍ਰਦਰਸ਼ਨ ਕਰ ਕੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਕਿਸਾਨ ਮੰਗਾਂ ਬਾਰੇ ਮੰਗ-ਪੱਤਰ ਦਿੱਤਾ ਗਿਆ ਅਤੇ ਸੁਝਾਇਆ ਗਿਆ ਕਿ ਚੱਲਦੇ ਬਜਟ ਸ਼ੈਸ਼ਨ ਦੌਰਾਨ ਇਨਾਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਸੰਸਦ ’ਚ ਉਠਾਇਆ ਜਾਵੇ, ਜਿਸ ਦਾ ਡਾ. ਗਾਂਧੀ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ।
ਇਸ ਮੌਕੇ ਸਮੂਹ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਵੱਲੋਂ ਭੇਜੇ ਖੇਤੀ ਮੰਡੀਕਰਨ ਦੀ ਨੀਤੀ ਦੇ ਖਰੜੇ ਨੂੰ ਰੱਦ ਕਰਨ ਦਾ ਮਤਾ ਪੰਜਾਬ ਵਿਧਾਨ ਸਭਾ ’ਚ ਪਾਸ ਕਰਨ ਦੀ ਮੰਗ ਕੀਤੀ ਗਈ। ਜਦਕਿ ਕੇਂਦਰ ਸਰਕਾਰ ਵੱਲੋਂ ਇਸ ਖਰੜੇ ਨੂੰ ਲਾਗੂ ਕਰਾਉਣ ਦੇ ਰਾਜਾਂ ’ਤੇ ਪਾਏ ਜਾ ਰਹੇ ਦਬਾਅ ਨੂੰ ਰੋਕ ਕੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਕਿਸਾਨਾਂ ਅਤੇ ਮਜ਼ਦੁੂਰਾਂ ਦੇ ਕਰਜ਼ੇ ’ਤੇ ਲੀਕ ਮਾਰਨ ਅਤੇ ਐੱਮ. ਐੱਸ. ਪੀ. ਦੀ ਕਾਨੂੰਨਨ ਗਾਰੰਟੀ ਦੇਣ ਲਈ ਤਿੱਖੇ ਢੰਗ ਨਾਲ ਉਭਾਰਿਆ ਗਿਆ।
ਇਸ ਮੌਕੇ ਰਾਮਿੰਦਰ ਸਿੰਘ ਪਟਿਆਲਾ, ਬਲਰਾਜ ਜੋਸ਼ੀ, ਨਰਿੰਦਰ ਸਿੰਘ ਲੇਹਲਾਂ, ਜਗਪਾਲ ਸਿੰਘ ਊਧਾ, ਦਰਸ਼ਨ ਬੇਲੂਮਾਜਰਾ, ਗੁਰਮੀਤ ਸਿੰਘ ਛੱਜੂਭੱਟ, ਗੁਰਬਚਨ ਸਿੰਘ ਕਨਸੂਹਾ, ਦਵਿੰਦਰ ਸਿੰਘ ਪਟਿਆਲਾ, ਜਗਮੇਲ ਸਿੰਘ ਗਾਜੇਵਾਸ, ਕੁਲਬੀਰ ਸਿੰਘ ਟੋਡਰਪੁਰ, ਅਵਤਾਰ ਸਿੰਘ ਬੁਰੜ, ਗੁਰਵਿੰਦਰ ਸਿੰਘ ਦੇਧਨਾ, ਬੱਲਮ ਸਿੰਘ ਨਿਆਲ, ਸ਼ੇਰ ਸਿੰਘ ਕਾਕੜਾ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।