ਵਿਜੀਲੈਂਸ ਬਿਊਰੋ ਨੂੰ ਜਾਂਚ ਦੇ ਆਦੇਸ਼
ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਡੀ. ਸੀ. ਰਾਜੇਸ਼ ਤ੍ਰਿਪਾਠੀ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।
ਗੌਰਤਲਬ ਹੈ ਕਿ ਰਾਜੇਸ਼ ਤ੍ਰਿਪਾਠੀ ਜਦੋਂ ਪਟਿਆਲਾ ’ਚ ਤਾਇਨਾਤ ਸਨ, ਤਾਂ ਉਸ ਸਮੇਂ ਕਾਲੀ ਮਾਂ ਮੰਦਰ ਦੇ ਫੰਡਾਂ ਤੇ ਚਾਂਦੀ ’ਚ ਧਾਂਦਲੀ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਸੀ। ਦਰਅਸਲ ਰਾਜੇਸ਼ ਤ੍ਰਿਪਾਠੀ ’ਤੇ ਪਟਿਆਲਾ ’ਚ ਦੋਸ਼ ਲੱਗੇ ਸਨ ਕਿ ਮੰਦਰ ਦੇ ਗੇਟ ਦੇ ਨਿਰਮਾਣ ਦੇ ਨਾਂ ’ਤੇ ਜਾਰੀ 10 ਲੱਖ ਦੇ ਫੰਡ ’ਚ ਧਾਂਦਲੀ ਹੋਈ ਹੈ ਤੇ 65 ਕਿਲੋ ਚਾਂਦੀ ਰਾਜਸਥਾਨ ’ਚ ਪਾਲਿਸ਼ ਲਈ ਭੇਜੀ ਗਈ ਸੀ, ਜਿਸ ’ਚੋਂ 40 ਕਿਲੋ ਚਾਂਦੀ ਹੀ ਮੰਦਰ ’ਚ ਪਹੁੰਚੀ ਸੀ ਤੇ ਬਾਕੀ ਗਿਲਟ ਦੇ ਰੂਪ ’ਚ ਦਿਖਾਈ ਗਈ ਸੀ।
ਇਸ ਤੋਂ ਇਲਾਵਾ ਮੰਦਰ ਦਾ ਗੇਟ ਵੀ ਕਾਗਜ਼ਾਂ ’ਚ ਹੀ ਬਣਾਇਆ ਗਿਆ ਸੀ ਜਦਕਿ ਅਸਲ ’ਚ ਗੇਟ ਬਣਾਇਆ ਹੀ ਨਹੀਂ ਗਿਆ ਸੀ। ਇਸ ਮਾਮਲੇ ’ਚ ਡੀ. ਸੀ. ਰਾਜੇਸ਼ ਤ੍ਰਿਪਾਠੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਤੇ ਸੂਬਾ ਸਰਕਾਰ ਇਸ ਮਾਮਲੇ ’ਚ ਜਾਂਚ ਕਰ ਰਹੀ ਸੀ। ਜਿਸ ਦੇ ਚੱਲਦਿਆਂ ਸੋਮਵਾਰ ਨੂੰ ਸਰਕਾਰ ਨੇ ਡੀ. ਸੀ. ਰਾਜੇਸ਼ ਤ੍ਰਿਪਾਠੀ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਉਨ੍ਹਾਂ ਖਿਲਾਫ ਵਿਜਿਲੈਂਸ ਜਾਂਚ ਦੇ ਆਦੇਸ਼ ਦਿੱਤੇ ਹਨ।
ਦੱਸ ਦੇਈਏ ਕਿ 16 ਅਗਸਤ 2024 ਨੂੰ 2016 ਬੈਚ ਦੇ ਆਈ. ਏ. ਐੱਸ. ਅਧਿਕਾਰੀ ਰਾਜੇਸ਼ ਤ੍ਰਿਪਾਠੀ ਨੇ ਮੁਕਤਸਰ ’ਚ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਰਾਜੇਸ਼ ਤ੍ਰਿਪਾਠੀ ਐਡੀਸ਼ਨਲ ਸਕੱਤਰ ਸਮੇਤ ਹੋਰ ਅਹੁੱਦਿਆਂ ’ਤੇ ਰਹਿ ਚੁੱਕੇ ਹਨ। ਉਹ ਸ੍ਰੀ ਮੁਕਤਸਰ ਸਾਹਿਬ ’ਚ ਏ. ਡੀ. ਸੀ. ਵੀ ਰਹਿ ਚੁੱਕੇ ਹਨ।
