ਬਠਿੰਡਾ :- ਬਠਿੰਡਾ ਜ਼ਿਲੇ ਦੇ ਪਿੰਡ ਭਾਈਰੂਪਾ ਵਿਖੇ ਕਰੀਬ 2 ਹਫ਼ਤੇ ਪਹਿਲਾਂ ਗੈਂਗਸਟਰ ਓਵਰਸੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਜਾਂਚ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਨੇ ਕੀਤੀ ਸੀ।
ਪੁਲਸ ਨੇ ਦੋਵਾਂ ਪਾਸਿਆਂ ਤੋਂ ਕ੍ਰਾਸ ਐੱਫ. ਆਈ. ਆਰ. ਦਰਜ ਕਰ ਕੇ ਮ੍ਰਿਤਕ ਗੈਂਗਸਟਰ ਦੇ 2 ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਲਖਵਿੰਦਰ ਸਿੰਘ ਗਿੱਲ ਵਾਸੀ ਪਿੰਡ ਬੁਰਜ (ਬਠਿੰਡਾ) ਅਤੇ ਅਵਤਾਰ ਸਿੰਘ ਉਰਫ਼ ਢਿੱਲੋਂ ਵਾਸੀ ਪਿੰਡ ਭਾਈਰੂਪਾ (ਬਠਿੰਡਾ) ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 2 ਪਿਸਤੌਲਾਂ ਅਤੇ ਕਾਰਤੂਸ ਬਰਾਮਦ ਕੀਤੇ ਹਨ।
ਏ. ਡੀ. ਜੀ. ਪੀ. ਏ. ਜ਼ੀ. ਟੀ. ਐੱਫ. ਪ੍ਰਮੋਦ ਬਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਦੋਵਾਂ ਗ੍ਰਿਫ਼ਤਾਰ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਈ ਹੈ ਅਤੇ ਪੁਲਸ ਟੀਮਾਂ ਨੇ ਦੋਵਾਂ ਨੂੰ ਬਠਿੰਡਾ ਦੇ ਪਿੰਡ ਭਾਈਰੂਪਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਲਖਵਿੰਦਰ ਗਿੱਲ ਅਤੇ ਅਵਤਾਰ ਸਿੰਘ ਉਰਫ਼ ਢਿੱਲੋਂ ਮ੍ਰਿਤਕ ਓਵਰਸੀਰ ਸਿੰਘ ਦੇ ਸਾਥੀ ਸਨ ਅਤੇ ਉਨ੍ਹਾਂ ਨੇ ਦੂਜੀ ਧਿਰ ’ਤੇ ਗੋਲੀਆਂ ਚਲਾਈਆਂ ਸਨ। ਦੋਵਾਂ ਮੁਲਜ਼ਮਾਂ ਨੂੰ ਕ੍ਰਾਸ ਐੱਫ.ਆਈ.ਆਰ. ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਬਠਿੰਡਾ ਪੰਜਾਬ ਪੁਲਸ ਨੇ ਓਵਰਸੀਰ ਸਿੰਘ ਉਰਫ਼ ਸਤਿੰਦਰ ਸਿੰਘ ਉਰਫ਼ ਸੱਤੀ ਦੇ ਸਨਸਨੀਖੇਜ਼ ਕਤਲ ਵਿਚ ਸ਼ਾਮਲ ਗੈਂਗਸਟਰ ਗੁਰਪ੍ਰੀਤ ਸੇਖੋਂ ਗੈਂਗ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ 32 ਬੋਰ ਦਾ ਪਿਸਤੌਲ ਤੇ 6 ਕਾਰਤੂਸ ਬਰਾਮਦ ਕੀਤੇ ਸਨ।
