ਹਰਿਆਣਾ ਦੇ ਰੋਹਤਕ ਵਿਚ ਮਹਿਲਾ ਕਾਂਗਰਸ ਨੇਤਾ ਹਿਮਾਨੀ ਨਰਵਾਲ ਦੇ ਕਤਲ ਨੇ ਹਲਚਲ ਮਚਾ ਦਿੱਤੀ। ਹਿਮਾਨੀ ਦੀ ਲਾਸ਼ ਇਕ ਸੂਟਕੇਸ ਵਿਚੋਂ ਮਿਲੀ ਹੈ। ਉਸਦੇ ਗਲੇ ਵਿਚ ਇੱਕ ਸਕਾਰਫ਼ ਲਿਪਟਿਆ ਹੋਇਆ ਸੀ ਅਤੇ ਹੱਥਾਂ ‘ਤੇ ਮਹਿੰਦੀ ਲੱਗੀ ਹੋਈ ਸੀ। ਕਾਂਗਰਸ ਨੇਤਾ ਭੁਪਿੰਦਰ ਹੁੱਡਾ ਨੇ ਹਿਮਾਨੀ ਦੀ ਮੌਤ ‘ਤੇ ਸਵਾਲ ਖੜ੍ਹੇ ਕੀਤੇ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਮ੍ਰਿਤਕ ਦੀ ਲਾਸ਼ ਸਾਂਪਲਾ ਬੱਸ ਸਟੈਂਡ ਦੇ ਨੇੜੇ ਇਕ ਵੱਡੇ ਤਲਾਅ ਵਿਚੋਂ ਮਿਲੀ ਸੀ।
ਇਹ ਇਕ ਨੀਲੇ ਸੂਟਕੇਸ ਵਿੱਚੋਂ ਮਿਲੀ , ਜਿਸ ਤੋਂ ਬਾਅਦ ਇਸਦੀ ਜਾਣਕਾਰੀ ਸਾਂਪਲਾ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ। ਸਟੇਟ ਫੋਰੈਂਸਿਕ ਲੈਬਾਰਟਰੀ (SFL) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਮ੍ਰਿਤਕ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਲਾਸ਼ ਹਿਮਾਨੀ ਨਰਵਾਲ ਦੀ ਹੈ।
ਹਿਮਾਨੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਵੀ ਹਿੱਸਾ ਲਿਆ। ਉਹ ਹਰਿਆਣਾ ਚੋਣਾਂ ਵਿੱਚ ਭੁਪਿੰਦਰ ਹੁੱਡਾ ਅਤੇ ਦੀਪੇਂਦਰ ਹੁੱਡਾ ਨਾਲ ਕਾਫ਼ੀ ਐਕਟਿਵ ਸੀ। ਕਾਂਗਰਸ ਨੇਤਾ ਭੁਪਿੰਦਰ ਹੁੱਡਾ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਆਪਣੀ ਪੋਸਟ ਵਿੱਚ ਕਿਹਾ ਕਿ ਰੋਹਤਕ ਵਿੱਚ ਸਰਗਰਮ ਕਾਂਗਰਸ ਵਰਕਰ ਹਿਮਾਨੀ ਨਰਵਾਲ ਦੀ ਬੇਰਹਿਮੀ ਨਾਲ ਹੱਤਿਆ ਦੀ ਖ਼ਬਰ ਬਹੁਤ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਹੈ। ਮੈਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਪਰਿਵਾਰਕ ਮੈਂਬਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਇੱਕ ਕੁੜੀ ਦਾ ਕਤਲ ਅਤੇ ਉਸਦੀ ਲਾਸ਼ ਸੂਟਕੇਸ ਵਿੱਚ ਮਿਲਣਾ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੈ। ਇਹ ਆਪਣੇ ਆਪ ਵਿੱਚ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਇੱਕ ਬੁਰਾ ਧੱਬਾ ਹੈ। ਇਸ ਕਤਲ ਦੀ ਉੱਚ ਪੱਧਰੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਿਵਾਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।
