ਫਾਈਨਲ ’ਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ
ਐਤਵਾਰ ਨੂੰ ਆਈ. ਸੀ. ਸੀ. ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ-2025 ਦੇ ਫਾਈਨਲ ’ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਆਈ. ਸੀ. ਸੀ. ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਫਾਈਨਲ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਇਸ ਐਡੀਸ਼ਨ ’ਚ ਹੁਣ ਤੱਕ ਅਜੇਤੂ ਸਨ।
ਅੱਜ ਦੇ ਖਿਤਾਬੀ ਮੁਕਾਬਲੇ ’ਚ ਦੱਖਣੀ ਅਫਰੀਕਾ ਦੇ 83 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 52 ਗੇਂਦਾਂ ਬਾਕੀ ਰਹਿੰਦਿਆਂ 11.2 ਓਵਰਾਂ ’ਚ ਇਕ ਵਿਕਟ ਦੇ ਨੁਕਸਾਨ ’ਤੇ 84 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ।
ਭਾਰਤ ਵੱਲੋਂ ਗੋਂਗਾਡੀ ਤ੍ਰਿਸ਼ਾ ਨੇ 33 ਗੇਂਦਾਂ ’ਚ ਅਜੇਤੂ 44 ਦੌੜਾਂ ਬਣਾਈਆਂ। ਸਾਨਿਕਾ ਚਲਾਕੇ ਨੇ ਵੀ 22 ਗੇਂਦਾਂ ’ਚ 26 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਪਹਿਲਾਂ ਤ੍ਰਿਸ਼ਾ (15 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਅਗਵਾਈ ਵਿਚ ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ 20 ਓਵਰਾਂ ਵਿਚ 82 ਦੌੜਾਂ ’ਤੇ ਆਊਟ ਕਰ ਦਿੱਤਾ। ਪਰੁਣਿਕਾ ਸਿਸੋਦੀਆ (2/6), ਆਯੂਸ਼ੀ ਸ਼ੁਕਲਾ (2/9) ਅਤੇ ਵੈਸ਼ਨਵੀ ਸ਼ਰਮਾ (2/23) ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 2-2 ਵਿਕਟਾਂ ਲਈਆਂ।
ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਯਮਤ ਅੰਤਰਾਲਾਂ ’ਤੇ ਵਿਕਟਾਂ ਗੁਆ ਦਿੱਤੀਆਂ, ਜਿਸ ’ਚ ਮਿੱਕੀ ਵੈਨ ਵੂਰਸਟ (23) ਸਭ ਤੋਂ ਵੱਧ ਸਕੋਰ ਰਿਹਾ। ਟੀਮ ਦੇ ਸਿਰਫ਼ ਚਾਰ ਬੱਲੇਬਾਜ਼ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ, ਜਦੋਂ ਕਿ 4 ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਇਸ ਤੋਂ ਪਹਿਲਾਂ 2023 ’ਚ ਭਾਰਤੀ ਟੀਮ ਨੇ ਸ਼ੈਫਾਲੀ ਵਰਮਾ ਦੀ ਕਪਤਾਨੀ ’ਚ ਆਈ. ਸੀ. ਸੀ. ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਫਾਈਨਲ ’ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤਿਆ ਸੀ।