ਪੰਜਾਬ ’ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ

ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮ ਕਾਬੂ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਬਾਣਿਆਵਾਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਲੁਬਾਣਿਆਵਾਲੀ ’ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ।

ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਮੁਕਤਸਰ-ਫਿਰੋਜ਼ਪੁਰ ਰੋਡ ’ਤੇ ਪਿੰਡ ਲੁਬਾਣਿਆਵਾਲੀ ਨੇੜੇ ਇਕ ਮੁਕਾਬਲੇ ਦੌਰਾਨ ਇਕ ਕਰੋੜ ਦੀ ਫਿਰੌਤੀ ਮੰਗਣ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਦੇਰ ਰਾਤ ਵਰ੍ਹਦੇ ਮੀਂਹ ’ਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਦੌਰਾਨ ਜਵਾਬੀ ਕਾਰਵਾਈ ’ਚ ਇਕ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਨਜ਼ਦੀਕੀ ਪਿੰਡ ਰੁਪਾਣਾ ਸਥਿਤ ਮਿੱਲ ਦੇ ਠੇਕੇਦਾਰ ਤੋਂ ਫੋਨ ਰਾਹੀਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਮੰਗਣ ਵਾਲਿਆਂ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸਿਆ। ਇਸ ਸਬੰਧੀ ਠੇਕੇਦਾਰ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਮੁਦੱਈ ਨਾਲ ਗੱਲਬਾਤ ਉਪਰੰਤ ਉਕਤ ਵਿਅਕਤੀਆਂ ਨੂੰ ਕਾਬੂ ਕਰਨ ਲਈ ਸਾਰੀ ਸਕੀਮ ਬਣਾਈ। ਫਿਰੌਤੀ ਮੰਗਣ ਵਾਲਿਆਂ ਨਾਲ 15 ਲੱਖ ਰੁਪਏ ’ਚ ਹੋਇਆ ਸੌਦਾ ਤੈਅ।

ਫਿਰੌਤੀ ਮੰਗਣ ਵਾਲਿਆਂ ਨੇ ਮੁੱਦਈ ਨੂੰ ਪੈਸਿਆਂ ਲਈ ਪਿੰਡ ਲੁਬਾਣਿਆਵਾਲੀ ਕੋਲ ਬੁਲਾਇਆ ਤਾਂ ਪਹਿਲਾਂ ਤੋਂ ਬਣਾਈ ਸਕੀਮ ਤਹਿਤ ਮੁੱਦਈ ਦੇ ਕਰਿੰਦੇ ਨਾਲ ਪੁਲਸ ਪਾਰਟੀ ਪਹੁੰਚੀ। ਪੈਸੇ ਲੈਣ ਲਈ ਇਹ ਤਿੰਨ ਵਿਅਕਤੀ ਮੋਟਰਸਾਈਕਲ ’ਤੇ ਆਏ, ਜਦ ਪੈਸੇ ਪਕੜਣ ਉਪਰੰਤ ਇਨ੍ਹਾਂ ਨੂੰ ਪਤਾ ਲੱਗਾ ਕਿ ਪੁਲਸ ਨੇ ਇਨ੍ਹਾਂ ਨੂੰ ਘੇਰ ਲਿਆ ਹੈ ਤਾਂ ਇਨ੍ਹਾਂ ’ਚੋਂ ਇਕ ਨੇ ਪੁਲਸ ਵੱਲ ਗੋਲੀ ਚਲਾਈ, ਜਿਸ ਦੀ ਜਵਾਬੀ ਕਾਰਵਾਈ ’ਚ ਪੁਲਸ ਪਾਰਟੀ ਨੇ ਗੋਲੀ ਚਲਾਈ ਤਾਂ ਇਨ੍ਹਾਂ ਦੇ ਇਕ ਸਾਥੀ ਸੁਖਮੰਦਰ ਸਿੰਘ ਦੇ ਗੋਲੀ ਲੱਗੀ ਅਤੇ ਉਹ ਹੇਠਾਂ ਡਿੱਗ ਪਿਆ।
ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੁਖਮੰਦਰ ਸਿੰਘ ਦੇ ਬਾਕੀ 2 ਸਾਥੀਆਂ ਲਖਵੀਰ ਸਿੰਘ ਅਤੇ ਸਰਵਨ ਸਿੰਘ ਨੂੰ ਵੀ ਮੌਕੇ ’ਤੇ ਕਾਬੂ ਕਰ ਲਿਆ। ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਭੇਜਿਆ ਗਿਆ। ਇਸ ਦੌਰਾਨ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਮੌਕੇ ’ਤੇ ਪਹੁੰਚੇ।

ਹਿਸਾਰ ’ਚ ਵੀ ਹੋਇਆ ਮੁਕਾਬਲਾ
ਹਰਿਆਣਾ ਦੇ ਹਿਸਾਰ ’ਚ ਵੀ ਸ਼ਨੀਵਾਰ ਰਾਤ ਨੂੰ ਲਗਭਗ 8.30 ਵਜੇ ਹਿਸਾਰ ਦੇ ਰਾਜਗੜ੍ਹ ਰੋਡ ’ਤੇ ਚੌਧਰੀਵਾਸ-ਗੋਰਚੀ ਮੋੜ ’ਤੇ ਅਪਰਾਧੀਆਂ ਅਤੇ ਰੋਹਤਕ ਐੱਸ. ਟੀ. ਐੱਫ. ਵਿਚਕਾਰ ਮੁਕਾਬਲਾ ਹੋਇਆ, ਜਿਸ ’ਚ ਤਿੰਨ ਅਪਰਾਧੀਆਂ ’ਚੋਂ 2 ਭੱਜ ਗਏ, ਜਦੋਂ ਕਿ ਸੋਨੀਪਤ ਦੇ ਖੇਵੜਾ ਪਿੰਡ ਦੇ ਰਹਿਣ ਵਾਲੇ ਯਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯਸ਼ ਦੀ ਲੱਤ ’ਚ ਗੋਲੀ ਲੱਗੀ ਹੈ। ਉਸਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *