ਅਜਨਾਲਾ :- ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰ ਅਜਨਾਲਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਡੇਰਾ ਬਾਬਾ ਨਾਨਕ ਰੋਡ ‘ਤੇ ਅੰਮ੍ਰਿਤ ਕਲਾਥ ਹਾਊਸ ਦੀ ਦੁਕਾਨ ਅੰਦਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਚੱਲੀ ਗੋਲ਼ੀ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ।
ਇਸ ਸਬੰਧੀ ਦੁਕਾਨ ਦੇ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਅਜਨਾਲਾ ਦੇ ਨਾਲ ਲੱਗਦੇ ਪਿੰਡ ਸਰਾਵਾਂ ਦੇ ਰਹਿਣ ਵਾਲੇ ਮੇਜਰ ਸਿੰਘ ਨਾਲ ਉਨ੍ਹਾਂ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲਦਾ ਸੀ, ਜਿਸ ਦਾ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ ਵੱਲੋਂ ਬੈਠ ਕੇ ਫੈਸਲਾ ਵੀ ਕਰਵਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਕੁਝ ਪੈਸੇ ਵੀ ਵਾਪਸ ਕਰ ਦਿੱਤੇ ਗਏ ਸਨ।
ਇਸ ਤੋਂ ਬਾਅਦ ਅੱਜ ਅਚਾਨਕ ਉਹ ਲੋਕ ਆਪਣੇ ਕੋਲ ਸਾਥੀਆਂ ਸਣੇ ਦੁਕਾਨ ‘ਤੇ ਆ ਗਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਵਿਨੋਦ ਦੇ ਛੋਟੇ ਭਰਾ, ਜੋ ਦੁਕਾਨ ‘ਤੇ ਬੈਠੇ ਸਨ, ‘ਤੇ ਹਮਲਾ ਕਰ ਕੇ ਕੁੱਟਮਾਰ ਕਰਨ ਦੇ ਨਾਲ-ਨਾਲ ਦੁਕਾਨ ‘ਚ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ ਦੌਰਾਨ ਉਸ ਦੇ ਨਾਲ-ਨਾਲ ਉਸ ਦੇ ਦੋਵੇਂ ਛੋਟੇ ਭਰਾ ਵੀ ਗੰਭੀਰ ਜ਼ਖਮੀ ਹੋ ਗਏ ਅਤੇ ਉਕਤ ਹਮਲਾਵਰ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਜਾਂਦੇ ਹੋਏ ਦੁਕਾਨ ਦੇ ਗੱਲੇ ਵਿਚੋਂ 25 ਤੋਂ 30 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ।
ਇਸ ਸਬੰਧੀ ਸਬ ਡਵੀਜ਼ਨ ਅਜਨਾਲਾ ਦੇ ਡੀ.ਐੱਸ.ਪੀ. ਨੇ ਦੱਸਿਆ ਕਿ ਪੈਸਿਆਂ ਦੇ ਦੇਣ-ਲੈਣ ਨੂੰ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀ ਲੱਗੀ ਹੈ, ਜਿਸ ਨੂੰ ਹਸਪਤਾਲ ਭੇਜਣ ਤੋਂ ਬਾਅਦ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
