ਨੌਕਰੀ ਤੋਂ ਬਰਖਾਸਤ ਕਰ ਕੇ ਮਾਮਲਾ ਕੀਤਾ ਦਰਜ
ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਾਕਿਸਤਾਨੀ ਔਰਤ ਨੂੰ ਜਾਅਲੀ ਰਿਹਾਇਸ਼ੀ ਸਰਟੀਫਿਕੇਟ ਨਾਲ ਬੇਸਿਕ ਸਿੱਖਿਆ ਵਿਭਾਗ ’ਚ ਸਰਕਾਰੀ ਅਧਿਆਪਕਾ ਦੀ ਨੌਕਰੀ ਮਿਲ ਗਈ। ਇੰਨਾ ਹੀ ਨਹੀਂ, ਉਹ 9 ਸਾਲਾਂ ਤੋਂ ਕੰਮ ਕਰ ਰਹੀ ਸੀ ਅਤੇ ਕਿਸੇ ਨੂੰ ਇਸਦਾ ਅਹਿਸਾਸ ਵੀ ਨਹੀਂ ਹੋਇਆ। ਇਕ ਗੁਪਤ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਤੋਂ ਬਾਅਦ ਪੂਰਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਅਧਿਆਪਕ ਨੂੰ ਬਰਖਾਸਤ ਕਰ ਕੇ ਮਾਮਲਾ ਵੀ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ੁਮੈਲਾ ਖਾਨ ਪਾਕਿਸਤਾਨ ਤੋਂ ਹੈ। ਸ਼ੁਮੈਲਾ ਖਾਨ ਪਿਛਲੇ 9 ਸਾਲਾਂ ਤੋਂ ਸਰਕਾਰੀ ਅਧਿਆਪਕਾ ਵਜੋਂ ਕੰਮ ਕਰ ਰਹੀ ਸੀ। ਉਸ ਦੀ ਨਿਯੁਕਤੀ 6 ਨਵੰਬਰ 2015 ਨੂੰ ਹੋਈ ਸੀ। ਉਸਨੇ ਰਾਮਪੁਰ ਤੋਂ ਇਕ ਜਾਅਲੀ ਰਿਹਾਇਸ਼ੀ ਸਰਟੀਫਿਕੇਟ ਬਣਵਾਇਆ। ਇਸ ਤੋਂ ਬਾਅਦ ਉਸਦੀ ਚੋਣ ਹੋ ਗਈ ਅਤੇ ਉਸਨੂੰ ਫਤਿਹਗੰਜ ਵੈਸਟ ਦੇ ਮਾਧੋਪੁਰ ਪ੍ਰਾਇਮਰੀ ਸਕੂਲ ’ਚ ਤਾਇਨਾਤ ਕਰ ਦਿੱਤਾ ਗਿਆ।
ਗੁਪਤ ਸ਼ਿਕਾਇਤ ’ਤੇ ਡੀ. ਐੱਮ. ਨੇ ਦਿੱਤੇ ਜਾਂਚ ਦੇ ਹੁਕਮ
ਦਰਅਸਲ, ਹਾਲ ਹੀ ’ਚ ਜ਼ਿਲਾ ਮੈਜਿਸਟਰੇਟ ਬਰੇਲੀ ਨੂੰ ਇਕ ਗੁਪਤ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਇਸ ਜਾਂਚ ਤੋਂ ਬਾਅਦ ਰਾਮਪੁਰ ਸਦਰ ਐੱਸ. ਡੀ. ਐੱਮ. ਨੇ ਸ਼ੁਮੈਲਾ ਖਾਨ ਦੇ ਰਿਹਾਇਸ਼ੀ ਸਰਟੀਫਿਕੇਟ ਨੂੰ ਰੱਦ ਕਰ ਦਿੱਤਾ। ਜਾਂਚ ’ਚ ਸ਼ਿਕਾਇਤ ਦੇ ਸੱਚ ਪਾਏ ਜਾਣ ਤੋਂ ਬਾਅਦ ਬੇਸਿਕ ਸਿੱਖਿਆ ਵਿਭਾਗ ਨੇ ਔਰਤ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਸ਼ੁਮੈਲਾ ਖਾਨ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਸਿੱਖਿਆ ਵਿਭਾਗ ’ਤੇ ਖੜ੍ਹੇ ਹੋਏ ਸਵਾਲ
ਇਕ ਪਾਕਿਸਤਾਨੀ ਨਾਗਰਿਕ ਦੇ ਸਰਕਾਰੀ ਅਧਿਆਪਕ ਬਣਨ ਤੋਂ ਬਾਅਦ ਇਹ ਮਾਮਲਾ ਜਿਥੇ ਚਰਚਾ ਦਾ ਵਿਸ਼ਾ ਬਣ ਗਿਆ, ਉਥੇ ਹੀ ਸਿੱਖਿਆ ਵਿਭਾਗ ’ਤੇ ਸਵਾਲ ਵੀ ਉੱਠ ਰਹੇ ਹਨ ਕਿ ਜਾਅਲੀ ਰਿਹਾਇਸ਼ੀ ਸਰਟੀਫਿਕੇਟ ਦੀ ਮਦਦ ਨਾਲ ਸ਼ੁਮੈਲਾ ਖਾਨ ਨੂੰ ਨਾ ਸਿਰਫ਼ ਨੌਕਰੀ ਮਿਲੀ, ਸਗੋਂ 9 ਸਾਲਾਂ ਤੱਕ ਤਨਖਾਹ ਵੀ ਮਿਲਦੀ ਰਹੀ। ਹਾਲਾਂਕਿ, ਹੁਣ ਸ਼ੁਮੈਲਾ ਖਾਨ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਭਾਗ ਤਨਖਾਹ ਵਸੂਲਣ ਦੀ ਵੀ ਗੱਲ ਕਰ ਰਿਹਾ ਹੈ।
