ਤਾਮਿਲਨਾਡੂ ਤੋਂ ਧੋਲਾ ਦੀ ਇਕ ਫੈਕਟਰੀ ’ਚ ਪੇਪਰ ਭਰਨ ਲਈ ਆਇਆ ਟਰੱਕ
ਬਰਨਾਲਾ ਦੇ ਧੋਲਾ ’ਚ ਟਰੱਕ ਦੇ ਕੈਬਨ ਨੂੰ ਲੱਗੀ ਭਿਆਨਕ ਅੱਗ ਕਾਰਨ 2 ਵਿਅਕਤੀਆਂ ਦੀ ਝੁਲਸਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਬਰਨਾਲਾ-ਮਾਨਸਾ ਹਾਈਵੇ ’ਤੇ ਸਥਿਤ ਇਕ ਪ੍ਰਾਈਵੇਟ ਕੰਪਨੀ ਦੀ ਪਾਰਕਿੰਗ ’ਚ ਵਾਪਰਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਅਨੁਸਾਰ ਪਿਛਲੀ ਰਾਤ ਤਾਮਿਲਨਾਡੂ ਤੋਂ ਧੋਲਾ ਦੀ ਇਕ ਫੈਕਟਰੀ ’ਚ ਪੇਪਰ ਭਰਨ ਲਈ ਆਇਆ ਟਰੱਕ ਨੰਬਰ ਐੱਨ. ਟੀ.-52 ਐੱਫ 9214 ਪਾਰਕਿੰਗ ’ਚ ਖੜ੍ਹਾ ਸੀ। ਸਵੇਰੇ 3.30 ਵਜੇ ਦੇ ਕਰੀਬ ਟਰੱਕ ਦੇ ਕੈਬਨ ’ਚ ਅਚਾਨਕ ਅੱਗ ਲੱਗ ਗਈ, ਜਿਸ ’ਚ ਸਵਾਰ 2 ਵਿਅਕਤੀਆਂ ਦੀ ਝੁਲਸਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਦੌਰਾਨ ਨੇੜਲੇ ਟਰੱਕ ਡਰਾਈਵਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਜ਼ੋਰਦਾਰ ਸੀ ਕਿ ਉਸ ’ਤੇ ਕਾਬੂ ਪਾਉਣਾ ਸੰਭਵ ਨਹੀਂ ਹੋਇਆ, ਜਿਸ ਕਾਰਨ ਦੋਵੇਂ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ।
ਹੰਡਿਆਇਆ ਪੁਲਿਸ ਚੌਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਵਾਇਆ ਗਿਆ ਹੈ। ਪੁਲਸ ਅਨੁਸਾਰ ਦੋਵੇਂ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋਈ ਕਿਉਕਿਂ ਮ੍ਰਿਤਕਾਂ ਦੇ ਸਿਰਫ ਪਿੰਜਰ ਹੀ ਬਚੇ ਹਨ। ਦੱਸਿਆ ਜਾ ਰਿਹਾ ਕਿ ਇਹ ਦੋਵੇਂ ਤਾਮਿਲਨਾਡੂ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਕਿਹਾ ਕਿ ਅਜੇ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।