ਪੁਲਸ ਮਾਮਲੇ ਦੀ ਕਰ ਰਹੀ ਜਾਂਚ
ਨਾਭਾ-ਫਾਜ਼ਿਲਕਾ ਤੋਂ ਦਿੱਲੀ ਜਾਣ ਵਾਲੀ ਰੇਲ ਗਡ੍ਟ੍ਰੇਨ ਨੰਬਰ 14508 ਇੰਟਰਸਿਟੀ ਵਿੱਚ ਕਰੀਬ 25 ਸਾਲਾਂ ਦੀ ਲੜਕੀ ਦੀ ਬਾਥਰੂਮ ‘ਚੋਂ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਨਾਭਾ ਰੇਲਵੇ ਪੁਲਸ ਵੱਲੋਂ ਲਾਸ਼ ਨੂੰ ਕਬਜੇ ਲੈ ਕੇ ਜਾਂਚ ਸ਼ੁਰੂ ਕੀਤੀ ਗਈ।

ਇਸ ਮਾਮਲੇ ਸਬੰਧੀ ਪਟਿਆਲਾ ਰੇਲਵੇ ਪੁਲਸ ਦੇ ਡੀ. ਐੱਸ. ਪੀ. ਜਗਮੋਹਨ ਸੋਹੀ ਨੇ ਦੱਸਿਆ ਕਿ ਕਿਸੇ ਨੇ ਕਤਲ ਕਰ ਕੇ ਲਾਸ਼ ਟਰੇਨ ਦੇ ਬਾਥਰੂਮ ਵਿਚ ਕੁੰਡੀ ਲਗਾ ਕੇ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਸ਼ਨਾਖਤ ਨਹੀਂ ਹੋ ਸਕੀ। ਮ੍ਰਿਤਕ ਲੜਕੀ ਦੀ ਬਾਂਹ ‘ਤੇ ਮਹਾਜਨ ਅਤੇ ਦੂਜੀ ਬਾਂਹ ਦੇ ਉੱਪਰ ਐੱਮ. ਆਰ. ਲਿਖਿਆ ਹੋਇਆ ਹੈ। ਲੜਕੀ ਦੇ ਮੱਥੇ ਤੇ ਗਰਦਨ ਦੇ ਉੱਪਰ ਵੀ ਜ਼ਖਮਾਂ ਦੇ ਨਿਸ਼ਾਨ ਹਨ। ਉਸ ਦਾ ਚਿਹਰਾ ਬੁਰੀ ਤਰ੍ਹਾਂ ਖ਼ਰਾਬ ਕੀਤਾ ਗਿਆ ਹੈ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਟੇਸ਼ਨਾਂ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ, ਕਿਉਂਕਿ ਰਸਤੇ ਵਿਚਕਾਰ ਕਈ ਸਟੇਸ਼ਨ ਆਉਂਦੇ ਹਨ।
ਸੀ. ਸੀ. ਟੀ. ਵੀ. ਫੁਟੇਜ ਤੋਂ ਇਹ ਚੈੱਕ ਕੀਤਾ ਜਾਵੇਗਾ ਕਿ ਲੜਕੀ ਕਿਸ ਸਟੇਸ਼ਨ ਤੋਂ ਟਰੇਨ ਵਿੱਚ ਚੜ੍ਹੀ ਹੈ ਅਤੇ ਇਸ ਦੇ ਨਾਲ ਕੌਣ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਕੋਲ ਕੁਝ ਸਮਾਨ ਵੀ ਸੀ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।